ਪੱਤਰ ਪ੍ਰੇਰਕ
ਫਰੀਦਾਬਾਦ, 23 ਨਵੰਬਰ
ਸਥਾਨਕ ਲੋਕਾਂ ਵੱਲੋਂ ਕਈ ਵਾਰ ਸ਼ਿਕਾਇਤਾਂ ਕਰਨ ਮਗਰੋਂ ਵਣ ਮਹਿਕਮੇ ਨੇ ਕਈ ਰਿਹਾਇਸ਼ੀ ਇਲਾਕਿਆਂ ਵਿੱਚੋਂ ਬਾਂਦਰਾਂ ਨੂੰ ਕਾਬੂ ਕੀਤਾ। ਉਨ੍ਹਾਂ ਨੂੰ ਭਾਟੀ ਮਾਈਨਲ ਵਿਚ ਜੰਗਲ ’ਚ ਛੱਡ ਦਿੱਤਾ ਗਿਆ। ਭਾਟੀ ਮਾਈਨਸ ਦੇ ਇਲਾਕੇ ਵਿੱਚ ਦਿੱਲੀ ਅਤੇ ਨੇੜੇ ਦੇ ਇਲਾਕਿਆਂ ਤੋਂ ਬਾਂਦਰ ਲਿਆ ਕੇ ਛੱਡੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਹ ਬਾਂਦਰ ਆਮ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ ਤੇ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਬਾਂਦਰਾਂ ਦੇ ਝੁੰਡ ਰਿਹਾਇਸ਼ੀ ਇਲਾਕਿਆਂ ਵਿੱਚ ਫਿਰਦੇ ਰਹਿੰਦੇ ਹਨ ਤੇ ਕਈ ਵਾਰ ਲੋਕਾਂ ਨੂੰ ਦੰਦੀ ਵੀ ਵੱਢ ਲੈਂਦੇ ਹਨ। ਕਈ ਜਣਿਆਂ ਨੇ ਦੱਸਿਆ ਕਿ ਬਾਂਦਰ ਘਰਾਂ ਵਿਚ ਰੱਖੀਆਂ ਫਰਿੱਜਾਂ ਦੇ ਦਰਵਾਜ਼ੇ ਖੋਲ੍ਹ ਕੇ ਸਾਮਾਨ ਵੀ ਕਈ ਵਾਰ ਕੱਢ ਕੇ ਲੈ ਜਾਂਦੇ ਹਨ। ਵਣ ਮਹਿਕਮੇ ਵੱਲੋਂ ਲੋਹੇ ਦੇ ਪਿੰਜਰੇ ਲਾ ਕੇ ਬਾਂਦਰਾਂ ਨੂੰ ਕਾਬੂ ਕੀਤਾ ਗਿਆ ਤੇ ਭਾਟੀ ਮਾਈਨਸ ਤੱਕ ਪਹੁੰਚਾਇਆ।