ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਜੁਲਾਈ
ਫ਼ਰੀਦਾਬਾਦ ਤੋਂ ਭੱਜ ਕੇ ਆਈ 15 ਸਾਲਾ ਲੜਕੀ ਨੂੰ ਚਾਈਲਡ ਲਾਈਨ ਅੰਬਾਲਾ ਵੱਲੋਂ ਅੱਜ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਲੜਕੀ ਜਦੋਂ ਘਰੋਂ ਭੱਜ ਕੇ ਅੰਬਾਲਾ ਪਹੁੰਚੀ ਸੀ ਤਾਂ ਚਾਈਲਡ ਲਾਈਨ ਟੀਮ ਨੇ ਡਾਇਰੈਕਟਰ ਗੁਰਦੇਵ ਸਿੰਘ ਮੰਡੇਰ ਦੇ ਨਿਰਦੇਸ਼ਾਂ ਅਨੁਸਾਰ ਵਨ ਸਟਾਪ ਸੈਂਟਰ ਪਹੁੰਚ ਕੇ ਉਸ ਨੂੰ ਆਪਣੀ ਨਿਗਰਾਨੀ ਹੇਠ ਲੈ ਲਿਆ ਸੀ। ਗੱਲਬਾਤ ਦੌਰਾਨ ਲੜਕੀ ਨੇ ਦੱਸਿਆ ਸੀ ਕਿ ਉਹ ਫ਼ਰੀਦਾਬਾਦ ਦੀ ਰਹਿਣ ਵਾਲੀ ਹੈ, ਉਸ ਦਾ ਸੁਫ਼ਨਾ ਗਾਇਕ ਬਣਨ ਦਾ ਹੈ ਅਤੇ ਉਹ ਪੰਜਾਬੀ ਗਾਇਕ ਜੱਸ ਮਾਣਕ ਨੂੰ ਆਪਣਾ ਆਇਡਲ ਮੰਨਦੀ ਹੈ ਤੇ ਉਸ ਨੂੰ ਮਿਲਣਾ ਚਾਹੁੰਦੀ ਹੈ ਪਰ ਉਸ ਦੀ ਮਾਂ ਸਾਥ ਨਹੀਂ ਦੇ ਰਹੀ।
ਚਾਈਲਡ ਲਾਈਨ ਟੀਮ ਨੇ ਲੜਕੀ ਦੇ ਮਾਪਿਆਂ ਨਾਲ ਸੰਪਰਕ ਕੀਤਾ ਅਤੇ ਸਾਰੀ ਜਾਣਕਾਰੀ ਦਿੱਤੀ। ਕਮੇਟੀ ਨੇ ਲੜਕੀ ਨੂੰ ਆਰਜ਼ੀ ਤੌਰ ’ਤੇ ਵਨ ਸਟਾਪ ਸੈਂਟਰ ਨਸੀਰ ਪੁਰ ਵਿੱਚ ਰੱਖਣ ਦੇ ਹੁਕਮ ਦਿੱਤੇ। ਅੱਜ ਲੜਕੀ ਦੇ ਮਾਪੇ ਬਾਲ ਭਲਾਈ ਕਮੇਟੀ ਦੇ ਦਫ਼ਤਰ ਪਹੁੰਚੇ। ਮਾਂ ਨੇ ਦੱਸਿਆ ਕਿ ਉਹ 9 ਜੁਲਾਈ ਨੂੰ ਘਰੋਂ 10ਵੀਂ ਜਮਾਤ ਦਾ ਨਤੀਜਾ ਕਢਵਾਉਣ ਦਾ ਕਹਿ ਕੇ ਗਈ ਸੀ ਅਤੇ ਵਾਪਸ ਨਹੀਂ ਆਈ। ਗਾਇਕ ਜੱਸ ਮਾਣਕ ਨੂੰ ਮਿਲਣ ਲਈ ਉਹ ਇਕ ਵਾਰ ਪਹਿਲਾਂ ਵੀ ਘਰੋਂ ਭੱਜ ਚੁੱਕੀ ਹੈ। ਲੜਕੀ ਨੇ ਆਪਣੀ ਗ਼ਲਤੀ ਸਵੀਕਾਰੀ।