ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਅਗਸਤ
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਛਾਉਣੀ ਦੇ ਰੈਸਟ ਹਾਊਸ ਵਿਚ ਲਾਏ ਜਨਤਾ ਦਰਬਾਰ ਵਿਚ ਹਰਿਆਣਾ ਦੇ ਕਰੀਬ 4 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਮੌਕੇ ਰੋਹਤਕ ਤੋਂ ਆਏ ਸੈਨਿਕ ਦੀ ਸ਼ਿਕਾਇਤ ’ਤੇ ਕੁੱਟਮਾਰ ਦੇ ਮਾਮਲੇ ਵਿਚ ਉਸ ਕੋਲੋਂ ਪੈਸੇ ਮੰਗਣ ਵਾਲੇ ਮੁੱਖ ਸਿਪਾਹੀ ਸੁਸ਼ੀਲ ਕੁਮਾਰ ਨੂੰ ਮੁਅੱਤਲ ਕਰਕੇ ਐੱਸ.ਪੀ ਰੋਹਤਕ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਜਵਾਨ ਦੇ ਘਰ ’ਤੇ ਹਮਲਾ ਕਰਨ ਅਤੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਵਿੱਜ ਨੇ ਕਿਹਾ ਕਿ ਬਰਫ਼ਾਂ ਨਾਲ ਲੱਦੀਆਂ ਚੋਟੀਆਂ ’ਤੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਉਨ੍ਹਾਂ ਦੀ ਪਹਿਲ ਵਿਚ ਸ਼ਾਮਲ ਹੈ।
ਸ੍ਰੀ ਵਿੱਜ ਨੇ ਕਈ ਮਾਮਲਿਆਂ ਵਿਚ ਐੱਸਆਈਟੀ ਬਣਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਖੁੱਲ੍ਹੇ ਹਾਲ ਵਿਚ ਵੀ ਕੁਰਸੀ ਲਾ ਕੇ ਹਜ਼ਾਰਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।