ਪੱਤਰ ਪ੍ਰੇਰਕ
ਯਮੁਨਾਨਗਰ, 16 ਨਵੰਬਰ
ਇੱਥੋਂ ਦੇ ਸੈਕਟਰ-18 ਵਿੱਚ ਕੁੱਝ ਦਿਨ ਪਹਿਲਾਂ ਪੁਲੀਸ ਅਧਿਕਾਰੀ ਮਾਂ ਦੀ ਹੱਤਿਆ ਹੋ ਗਈ ਸੀ। ਇਸ ਸਬੰਧੀ ਇੰਸਪੈਕਟਰ ਦੀ ਪਤਨੀ ਨੂੰ ਆਪਣੀ ਸੱਸ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੀ ਰਾਤ ਪੁਲੀਸ ਨੇ ਮੁਲਜ਼ਮ ਸ਼ਿਲਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਰਾਜੇਸ਼ ਨੇ ਦੱਸਿਆ ਕਿ 11 ਨਵੰਬਰ ਨੂੰ ਇੰਸਪੈਕਟਰ ਨਿਰਮਲ ਸਿੰਘ ਦੀ ਪਤਨੀ ਸ਼ਿਲਪੀ ਦਾ ਆਪਣੀ ਸੱਸ ਰਾਜਬਾਲਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਸ ਦੌਰਾਨ ਸ਼ਿਲਪੀ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਘਟਨਾ ਨੂੰ ਲੁੱਟ ਦੀ ਵਾਰਦਾਤ ਦਾ ਰੂਪ ਦੇਣ ਲਈ ਘਰ ਦਾ ਸਾਮਾਨ ਖਿਲਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀਆਈਏ-1 ਅਤੇ ਸੀਆਈਏ-2 ਤੋਂ ਇਲਾਵਾ ਮਹਿਲਾ ਐੱਸਐੱਚਓ ਸਣੇ ਵੱਖ-ਵੱਖ ਟੀਮਾਂ ਵੱਲੋਂ ਕੀਤੀ ਗਈ। ਘਟਨਾ ਸਥਾਨ ਦੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੌਕੇ ’ਤੇ ਸਬੂਤ ਇਕੱਠੇ ਕੀਤੇ ਗਏ। ਇਸ ਦੌਰਾਨ ਮੁਲਜ਼ਮ ਸ਼ਿਲਪਾ ਦੇ ਹੱਥਾਂ ’ਤੇ ਝਰੀਟਾਂ ਅਤੇ ਸੱਟਾਂ ਦੇ ਨਿਸ਼ਾਨ ਮਿਲੇ ਸਨ। ਜਦੋਂ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸ਼ਿਲਪਾ ਨੇ ਹੀ ਆਪਣੀ ਸੱਸ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਕਤਲ ਵਿੱਚ ਇਕੱਲੀ ਸ਼ਿਲਪਾ ਦਾ ਹੀ ਹੱਥ ਪਾਇਆ ਗਿਆ ਹੈ। ਮੁਲਜ਼ਮਾ ਦਾ ਕਰੀਬ 14 ਸਾਲ ਪਹਿਲਾਂ ਵਿਆਹ ਹੋਇਆ ਸੀ। ਪੁਲੀਸ ਵੱਲੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ।