ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਨਵੰੰਬਰ
ਇਥੋਂ ਦੇ ਰਾਣੀਆਂ ਕਸਬੇ ’ਚ ਸਥਿਤ ਨਾਮਧਾਰੀ ਗੁਰਦੁਆਰਾ ’ਚ ਲੋਕ ਪੰਚਾਇਤ ਦੀ ਮਾਸਿਕ ਮੀਟਿੰਗ ਹੋਈ। ਪੰਚਾਇਤ ਦੇ ਸੀਨੀਅਰ ਆਗੂ ਸੁਵਰਨ ਸਿੰਘ ਵਿਰਕ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਲੋੜੀਂਦੀ ਡੀਏਪੀ ਖਾਦ ਮੁਹੱਈਆ ਕਰਵਾਈ ਜਾਏ। ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਚੇਲੇਕਾ ਸੰਤਨਗਰ ਨੇ ਕੀਤੀ। ਮੀਟਿੰਗ ਦੌਰਾਨ ਇਕ ਸੋਗ ਮਤਾ ਪਾਸ ਕਰਕੇ ਪੰਚਾਇਤ ਦੇ ਮੈਂਬਰ ਡਾ. ਗੁਰਪ੍ਰੀਤ ਸਿੰਘ ਸਿੰਧਰਾ ਦੇ ਛੋਟੇ ਪੁੱਤਰ ਪਦਮਦੀਪ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸ੍ਰੀ ਵਿਰਕ ਨੇ ਕਿਹਾ ਕਿ ਸਰ੍ਹੋਂ ਤੇ ਕਣਕ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ ਪਰ ਕਿਸਾਨਾਂ ਨੂੰ ਲੋੜੀਂਦੀ ਡੀਏਪੀ ਖਾਦ ਨਹੀਂ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਰੋਜ਼ਾਨਾ ਖਾਦ ਲੈਣ ਲਈ ਸਵੇਰੇ ਹੀ ਲਾਈਨਾਂ ’ਚ ਲੱਗਣ ਲਈ ਮਜਬੂਰ ਹੋ ਰਹੇ ਹਨ ਪਰ ਸ਼ਾਮ ਤੱਕ ਉਨ੍ਹਾਂ ਨੂੰ ਖਾਦ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਖਾਦ ਨਾ ਮਿਲਣ ਕਾਰਨ ਬਿਜਾਈ ਦਾ ਕੰਮ ਪੱਛੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਕਾਰਨ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਪਰਾਲੀ ਸਾੜਨ ’ਤੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾਣ ਤੇ ਦੋ ਸਸਾਲ ਤੱਕ ਉਨ੍ਹਾਂ ਦੀ ਫ਼ਸਲ ਨਾ ਖਰੀਦੇ ਜਾਣ ਦੀ ਨਿੰਦਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਹਿਲਾਂ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਏ ਅਤੇ ਸਰਕਾਰ ਆਪਣੇ ਇਸ ਤੁੁਗਲਕੀ ਫ਼ਰਮਾਨ ਨੂੰ ਵਾਪਸ ਲਵੇ। ਇਸ ਦੌਰਾਨ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਏ ਜਾਣ ਦੀ ਵੀ ਮੰਗ ਕੀਤੀ ਗਈ।