ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਕੁਰੂਕਸ਼ੇਤਰ ਦੇ ਗੋਲਡਨ ਹੱਟ ਰੇਸਤਰਾਂ ਦੇ ਰਾਹ ਅੱਗੇ ਸੀਮਿੰਟ ਦੇ ਬੈਰੀਕੇਡ ਲਾਉਣ ਦੇ ਮੁੱਦੇ ਉੱਪਰ ਨੀਤੀ ਬਣਾਉਣ ਅਤੇ ਲੋੜ ਪੈਣ ’ਤੇ ਸੰਘਰਸ਼ ਵਿੱਢਣ ਲਈ ਸੰਯੁਕਤ ਕਿਸਾਨ ਮੋਰਚੇ ਨੇ 5 ਮੈਂਬਰੀ ਕਮੇਟੀ ਬਣਾਈ ਹੈ। ਮੋਰਚੇ ਨੇ ਕੁਰੂਕਸ਼ੇਤਰ ਪ੍ਰਸ਼ਾਸਨ ਨੂੰ 2 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਗੋਡਲਨ ਹੱਟ ਨੂੰ ਜਾਂਦੇ ਰਾਹ ਅੱਗੇ ਲਾਈਆਂ ਰੋਕਾਂ ਹਟਾ ਲਵੇ ਨਹੀਂ ਤਾਂ ਇਸ ਮਗਰੋਂ ਮੋਰਚੇ ਦੀ ਮੀਟਿੰਗ ਕਰਕੇ ਅਗਲਾ ਐਲਾਨ ਤੁਰੰਤ ਕਰ ਦਿੱਤਾ ਜਾਵੇਗਾ।
ਸੀਨੀਅਰ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਉਨ੍ਹਾਂ ਤੋਂ ਇਲਾਵਾ ਰਮਿੰਦਰ ਸਿੰਘ ਪਟਿਆਲਾ, ਕੰਵਲਪ੍ਰੀਤ ਸਿੰਘ ਪੰਨੂ, ਅਵਤਾਰ ਸਿੰਘ ਮੇਹਲੋਂ ਤੇ ਮਨਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਗੋਲਡਨ ਹੱਟ ਦੇ ਪ੍ਰਬੰਧਕ ਸ਼ੁਰੂ ਤੋਂ ਹੀ ਮੋਰਚੇ ਦੀ ਕਈ ਪੱਖਾਂ ਤੋਂ ਮਦਦ ਕਰ ਰਹੇ ਹਨ ਤੇ ਇਸੇ ਕਰਕੇ ਭਾਜਪਾ ਦੇ ਕਥਿਤ ਇਸ਼ਾਰੇ ਉਪਰ ਇਨ੍ਹਾਂ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਗੋਡਲਨ ਹੱਟ ਦੇ ਪ੍ਰਬੰਧਕਾਂ ਨਾਲ ਜ਼ਿਆਦਤੀ ਕਰਨ ਖ਼ਿਲਾਫ਼ ਕਿਸਾਨ ਆਗੂਆਂ ਨੇ ਆਵਾਜ਼ ਉਠਾਈ ਤਾਂ ਪੰਜਾਬ, ਹਰਿਆਣਾ ਤੋਂ ਲੋਕਾਂ ਨੇ ਵੀ ਆਵਾਜ਼ ਉਠਾਈ ਹੈ। ਮੋਰਚੇ ਵੱਲੋਂ ਰਾਹ ਖੋਲ੍ਹਣ ਲਈ ਸਥਾਨਕ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਗਈ ਹੈ।