ਪੱਤਰ ਪ੍ਰੇਰਕ
ਟੋਹਾਣਾ, 12 ਜੁਲਾਈ
ਹਾਂਸੀ ਦੇ ਆਟੋ ਕਾਰੋਬਾਰੀ ਰਵਿੰਦਰ ਸੈਣੀ ਦੇ ਕਤਲ ਸਬੰਧੀ ਪੁਲੀਸ ਨੇ ਮੁੱਖ ਮੁਲਜ਼ਮ ਵਿਕਾਸ ਨੇਹਰਾਂ ਉਰਫ਼ ਵਿੱਕੀ ਨੂੰ ਨਾਮਜ਼ਦ ਕਰਕੇ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ। ਜਾਂਚ ਕਮੇਟੀ ਸਿਟ ਦੀ ਅਗਵਾਈ ਕਰ ਰਹੇ ਡੀਐੱਸਪੀ ਧੀਰਜ ਕੁਮਾਰ ਨੇ ਦੱਸਿਆ ਕਿ ਰਵਿੰਦਰ ਸੈਣੀ ਨਾਲ ਪੁਰਾਣੀ ਦੁਸ਼ਮਣੀ ਕਾਰਨ ਕਤਲ ਦੀ ਸਾਜ਼ਿਸ਼ ਹਿਸਾਰ ਜੇਲ੍ਹ ਵਿੱਚ ਬੰਦ ਵਿਕਾਸ ਨੇਹਰਾਂ ਨੇ ਰਚੀ ਸੀ। ਹਾਂਸੀ ਪੁਲੀਸ ਨੇ ਰਵਿੰਦਰ ਦੇ ਗੰਨਮੈਨ ਜਗਦੀਪ ਸਿੰਘ ਦੇ ਬਿਆਨ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸਿਪਾਹੀ ਦੇ ਬਿਆਨ ਮੁਤਾਬਿਕ ਦੁਪਹਿਰ ਨੂੰ ਦਫ਼ਤਰ ’ਚ ਫੋਨ ਆਉਣ ’ਤੇ ਸੈਣੀ ਇੱਕਲਾ ਹੀ ਸੜਕ ਵੱਲ ਗਿਆ ਸੀ ਤਾਂ ਉਸ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਨੌਜਵਾਨ ਫ਼ਰਾਰ ਹੋ ਗਏ। ਡੀਐੱਸਪੀ ਨੇ ਦੱਸਿਆ ਕਿ ਸੈਣੀ ਦੇ ਪੰਜ ਗੋਲੀਆਂ ਲੱਗੀਆਂ ਸਨ।