ਪੱਤਰ ਪ੍ਰੇਰਕ
ਜੀਂਦ, 20 ਜਨਵਰੀ
ਜੀਂਦ ਪੁਲੀਸ ਨੇ ਕਾਰਵਾਈ ਕਰਦੇ ਹੋਏ ਸ਼ਹਿਰ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਦਿਨ-ਦਿਹਾੜੇ ਹੋਏ ਵਪਾਰੀ ਸ਼ਾਮ ਸੁੰਦਰ ਦੀ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਬਲਜੀਤ ਵਾਸੀ ਪੋਕਰੀ ਖੈੜੀ ਨੂੰ ਉਸਦੇ ਦੋ ਸਾਥੀਆਂ ਸਮੇਤ ਦੀਮਾਪੁਰ ਨਾਗਾਲੈਂਡ ਤੋਂ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਕਰਯੋਹ ਹੈ ਕਿ ਪਿਛਲੇ ਸਾਲ 23 ਨਵੰਬਰ ਨੂੰ ਸ਼ਾਮ ਸੁੰਦਰ ਮਹਾਜਨ ਵਾਸੀ ਚੌੜੀ ਗਲੀ ਰੋਹਤਕ ਰੋਡ ਸੁਭਾਸ਼ ਨਗਰ ਨੂੰ ਤਿੰਨ ਵਿਅਕਤੀਆਂ ਦੁਆਰਾ ਰੰਜ਼ਿਸ਼ ਦੇ ਚਲਦੇ ਉਦੋਂ ਗੋਲੀਆਂ ਨਾਲ ਮਾਰ ਦਿੱਤਾ, ਜਦੋਂ ਉਹ ਸਵੇਰੇ ਆਪਣੇ ਦਫ਼ਤਰ ਅੱਗੇ ਬੈਠਾ ਸੀ। ਪੁਲੀਸ ਨੇ ਬਲਜੀਤ ਵਾਸੀ ਪੋਕਰੀਖੈੜੀ ਤੇ ਧਰਮਿੰਦਰ ਪਹਿਲਵਾਨ ਸਮੇਤ 12 ਲੋਕਾਂ ਖ਼ਿਲਾਫ਼ ਭਿੰਨ-ਭਿੰਨ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਸੀ।