ਨਿੱਜੀ ਪੱਤਰ ਪ੍ਰੇਰਕ
ਸਿਰਸਾ, 1 ਨਵੰਬਰ
ਇਥੋਂ ਦੀ ਸਿਟੀ ਥਾਣਾ ਪੁਲੀਸ ਨੇ ਬੀਤੇ ਦਿਨੀਂ ਸਿਵਲ ਹਸਪਤਾਲ ’ਚ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿਵਲ ਹਸਪਤਾਲ ’ਚ ਹੋਈ ਫਾਇਰਿੰਗ ਦੌਰਾਨ ਇਕ ਨੌਜਵਾਨ ਨੂੰ ਗੋਲੀ ਲੱਗਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਸਿਟੀ ਥਾਣਾ ਇੰਚਾਰਜ ਇੰਸਪੈਕਟਰ ਧਰਮਵੀਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਅਨਿਲ ਉਰਫ ਨੀਲਾ ਵਾਸੀ ਬੇਗੂ ਰੋਡ ਸਿਰਸਾ ਵਜੋਂ ਕੀਤੀ ਗਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਸ ਕੇਸ ਨਾਲ ਸਬੰਧਤ ਹੋਰ ਤੱਥਾਂ ਨੂੰ ਇਕੱਠਾ ਕਰਕੇ ਹੋਰ ਮੁਲਜ਼ਮਾਂ ਨੂੰ ਕਾਬੂ ਕਰਕੇ ਅਦਾਲਤ ਅੱਗੇ ਪੇਸ਼ ਕਰਕੇ ਸਜ਼ਾ ਦੁਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਕ ਮੁਲਜ਼ਮ ਸੌਰਭ ਵਾਸੀ ਰਾਣੀਆਂ ਗੇਟ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਥੇ ਜ਼ਿਕਰਯੋਗ ਹੈ ਕਿ ਬੀਤੀ 16 ਅਕਤੂਬਰ ਦੀ ਦੇਰ ਰਾਸ਼ ਸਰਕਾਰੀ ਹਸਪਤਾਲ ’ਚ ਦੋ ਧਿਰਾਂ ਵਿੱਚ ਹੋਈ ਲੜਾਈ ਦੌਰਾਨ ਕਥਿਤ ਤੌਰ ’ਤੇ ਹੋਈ ਫਾਇਰਿੰਗ ਦੌਰਾਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿੱਚ ਹੁਣ ਪੁਲੀਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।