ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 26 ਜੂਨ
ਇੱਥੇ ਘੱਗਰ ਦਰਿਆ ’ਤੇ ਮਿੱਟੀ ਵੇਚਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕੇ ਠੇਕੇਦਾਰ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਕੇ ਮਿੱਟੀ ਵੇਚੀ ਹੈ। ਇਸ ਮਾਮਲੇ ਵਿਰੁੱਧ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਦੀ ਗੂਹਲਾ ਚੀਕਾ ਇਕਾਈ ਦੇ ਅਹੁਦੇਦਾਰਾਂ ਨੇ ਪਹਿਲਾਂ ਧਰਨਾ ਲਾ ਕੇ ਰੋਸ ਪ੍ਰਗਟਾਇਆ ਤੇ ਇਸ ਮਗਰੋਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪ ਕੇ ਮਿੱਟੀ ਘੁਟਾਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਐੱਸਡੀਐੱਮ ਕ੍ਰਿਸ਼ਨ ਕੁਮਾਰ ਦੇ ਨਾਲ ਵੀ ਬੈਠਕ ਕੀਤੀ, ਜਿਸ ਵਿੱਚ ਐੱਸਡੀਐੱਮ ਨੇ ਮਿੱਟੀ ਘੋਟਾਲੇ ਨੂੰ ਲੈ ਕੇ ਇੱਕ ਕਮੇਟੀ ਗਠਿਤ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਐੱਸਡੀਐੱਮ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਉੱਤੇ ਘੱਗਰ ਦਰਿਆ ’ਤੇ ਵੇਚੀ ਗਈ ਮਿੱਟੀ ਦੇ ਸੈਂਪਲ ਲੈਣ ਦੀ ਮੰਗ ਵੀ ਸਵੀਕਾਰ ਕਰ ਲਈ ਗਈ ਅਤੇ ਉਨ੍ਹਾਂ ਨੇ ਮੌਕੇ ਉੱਤੇ ਹੀ ਸਿੰਜਾਈ ਵਿਭਾਗ ਦੇ ਐੱਸਡੀਓ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਕਤ ਮਾਮਲੇ ਵਿੱਚ ਕਿਸਾਨਾਂ ਨੂੰ ਨਾਲ ਲੇ ਕੇ ਮਿੱਟੀ ਦੇ ਸੈਂਪਲ ਲਏ ਜਾਣ।
ਬੈਠਕ ਵਿੱਚ ਮੌਜੂਦ ਸਬੰਧਤ ਵਿਭਾਗ ਦੇ ਐੱਸਡੀਓ ਅਜਮੇਰ ਸਿੰਘ ਨੇ ਦੱਸਿਆ ਕਿ ਮਿੱਟੀ ਘੁਟਾਲੇ ਦੇ ਦੋਸ਼ ਲੱਗਣ ਦੇ ਬਾਅਦ ਵਿਭਾਗ ਪੂਰੀ ਤਰ੍ਹਾਂ ਸਖ਼ਤ ਹੈ ਅਤੇ ਮਿੱਟੀ ਦੀ ਖੁਦਾਈ ’ਤੇ ਅਧਿਕਾਰੀ ਪੈਨੀ ਨਜ਼ਰ ਰੱਖੇ ਹੋਏ ਹਨ।
ਕਿਸਾਨ ਯੂਨੀਅਨ ਦੇ ਜ਼ਿਲ੍ਹਾ ਉਪ ਪ੍ਰਧਾਨ ਕੇਵਲ ਸਿੰਘ ਸਦਰੇਹੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਸਾਕਾਰਾਤਮਕ ਰਹੀ ਅਤੇ ਐੱਸਡੀਐੱਮ ਨੇ ਉਕਤ ਮਾਮਲੇ ਨੂੰ ਲੈ ਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ।
ਉਨ੍ਹਾਂ ਨੇ ਉਮੀਦ ਜਤਾਈ ਕਿ ਉਕਤ ਘੁਟਾਲੇ ਨੂੰ ਲੈ ਕੇ ਪ੍ਰਸ਼ਾਸਨ ਛੇਤੀ ਹੀ ਸਖ਼ਤ ਕਦਮ ਚੁੱਕ ਕੇ ਘੋਟਾਲੇ ਦਾ ਪਰਦਾਫਾਸ਼ ਕਰੇਗਾ। ਉਨ੍ਹਾਂ ਨੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਾਂਚ ਵਿੱਚ ਕੋਈ ਢਿੱਲ ਕੀਤੀ ਤਾਂ ਫਿਰ ਭਾਰਤੀ ਕਿਸਾਨ ਯੂਨੀਅਨ ਕੋਈ ਵੱਡਾ ਫੈਸਲਾ ਲੈਣ ਲਈ ਮਜਬੂਰ ਹੋ ਸਕਦੀ ਹੈ। ਇਸ ਮੌਕੇ ਕਿੰਦਰ, ਗੁਰਜੰਟ ਟਟਿਆਣਾ, ਗੁਰਬਚਨ ਸਿੰੰਘ, ਸੁਭਾਸ਼ ਪੂਨੀਆ, ਜਰਨੈਲ ਜੈਲੀ, ਹਰਜਿੰਦਰ ਨੰਬਰਦਾਰ, ਲਖਵਿੰਦਰ ਸਿੰਘ ਰਾਹੁਲ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਵੀ ਮੌਜੂਦ ਰਹੇ।