ਪੱਤਰ ਪ੍ਰੇਰਕ
ਯਮੁਨਾਨਗਰ, 3 ਅਪਰੈਲ
ਨਵਰਾਤਰਿਆਂ ਮੌਕੇ ਕੁੱਟੂ ਦਾ ਆਟਾ ਖਾਣ ਨਾਲ ਹੁਣ ਤੱਕ 50 ਵਿਅਕਤੀ ਬਿਮਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਵਿੱਚ ਪ੍ਰਸ਼ਾਸਨ ਨੇ ਦਰਜਨ ਭਰ ਦੁਕਾਨਾਂ ਦੇ ਆਟੇ ਦੇ ਸੈਂਪਲ ਲਏ ਹਨ ਅਤੇ ਐੱਸਡੀਐੱਮ ਨੇ ਜਲਦੀ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ। ਸ਼ਹਿਰ ਦੇ ਛੋਟੇ ਮਾਡਲ ਟਾਊਨ ਵਾਸੀ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੇ ਕਲੋਨੀ ਦੀ ਦੁਕਾਨ ਤੋਂ ਕੁੱਟੂ ਦਾ ਆਟਾ ਲਿਆ ਸੀ ਅਤੇ ਕੁੱਟੂ ਦੀ ਰੋਟੀ ਖਾ ਕੇ ਵਰਤ ਤੋੜਿਆ ਸੀ, ਜਿਸ ਨਾਲ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਹੋ ਗਈ। ਗੰਭੀਰ ਹਾਲਤ ਵਿੱਚ ਉਸ ਨੂੰ, ਉਸ ਦੀ ਭੈਣ ਨੇਹਾ, ਜੀਜਾ ਅੰਕਿਤ ਸਿਆਲ, ਸਾਨੀਆ ਅਤੇ ਦਕਸ਼ ਸਮੇਤ ਹੋਰ 15 ਵਿਅਕਤੀਆਂ ਨੂੰ ਆਜ਼ਾਦ ਨਗਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐੱਸਡੀਐੱਮ ਸੁਸ਼ੀਲ ਕੁਮਾਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਹੁਤ ਸਾਰੇ ਲੋਕ ਹੁਣ ਵੀ ਨਿੱਜੀ ਅਤੇ ਸਰਕਾਰੀ ਹਸਤਪਾਲਾਂ ਵਿੱਚ ਜ਼ੇਰੇ ਇਲਾਜ ਹਨ। ਇਸ ਦੌਰਾਨ ਸਿਵਲ ਸਰਜਨ ਡਾ. ਪੂਨਮ ਦਹੀਆ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਵਰਤ ਰੱਖਣ ਵਾਲੇ ਲੋਕਾਂ ਨੂੰ ਵਰਤ ਦੇ ਦੌਰਾਨ ਖਾਣ-ਪੀਣ ਵਿੱਚ ਉਚੇਚਾ ਧਿਆਨ ਰੱਖਣ ਦੀ ਸਲਾਹ ਵੀ ਦਿੱਤੀ ਹੈ।