ਰਤਨ ਸਿੰਘ ਢਿੱਲੋਂ
ਅੰਬਾਲਾ, 13 ਅਪਰੈਲ
ਅੰਬਾਲਾ ਵਿੱਚ ਨੈਸ਼ਨਲ ਹਾਈਵੇ-44 ’ਤੇ ਜੰਡਲੀ ਪੁਲ ਕੋਲ ਅੱਜ ਦੁਪਹਿਰੇ ਦੋ ਟਰੱਕ ਆਪਸ ਵਿੱਚ ਭਿੜ ਗਏ ਅਤੇ ਉਨ੍ਹਾਂ ਦੇ ਪਿੱਛੇ ਆ ਰਹੀ ਕਾਰ ਟੈਂਕਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ।
ਕਾਰ ਦੇ ਪਲਟਦਿਆਂ ਹੀ ਉਸ ਨੂੰ ਅੱਗ ਲੱਗ ਗਈ। ਕਾਰ ਸਵਾਰ ਪਰਿਵਾਰ ਬੜੀ ਮੁਸ਼ਕਲ ਨਾਲ ਬਾਹਰ ਨਿਕਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਪਰ ਕਾਰ ਸੜ ਕੇ ਸਵਾਹ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਕਾਰ ਵਿੱਚ ਛੋਟਾ ਬੱਚਾ ਅਤੇ ਉਸ ਦੇ ਮਾਂ-ਪਿਉ ਸਨ ਜੋ ਅੰਬਾਲਾ ਛਾਉਣੀ ਦੇ ਇਕ ਸਕੂਲ ਵਿੱਚੋਂ ਬੱਚੇ ਨੂੰ ਘਰ ਲੈ ਕੇ ਜਾ ਰਹੇ ਸਨ। ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਛਾਉਣੀ ਦੇ ਸਕੂਲ ਵਿੱਚੋਂ ਬੱਚੇ ਨੂੰ ਘਰ ਲੈ ਕੇ ਜਾ ਰਹੇ ਸਨ ਤਾਂ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਉਸ ਦੀ ਪਤਨੀ ਚਲਾ ਰਹੀ ਸੀ। ਕਾਰ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ ਅਤੇ ਉਸ ਨੂੰ ਅੱਗ ਲੱਗ ਗਈ। ਸੜਕ ’ਤੇ ਜਾ ਰਹੇ ਕਿਸੇ ਵਿਅਕਤੀ ਨੇ ਤੁਰੰਤ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਉਹ ਬਾਹਰ ਨਿਕਲ ਆਏ ਤੇ ਬਚ ਗਏ। ਦੂਜੇ ਪਾਸੇ ਕੈਂਟਰ ਚਾਲਕ ਮਾਮ ਰਾਜ ਦਾ ਕਹਿਣਾ ਸੀ ਕਿ ਕਾਰ ਗ਼ਲਤ ਪਾਸਿਉਂ ਜਦੋਂ ਕਰਾਸ ਕਰਨ ਲੱਗੀ ਤਾਂ ਦੂਜਾ ਟਰੱਕ ਵਾਲਾ ਉਸ ਵੱਲ ਆ ਗਿਆ ਅਤੇ ਹਾਦਸਾ ਵਾਪਰ ਗਿਆ। ਮੌਕੇ ’ਤੇ ਪਹੁੰਚੇ ਲਾਲ ਕੁੜਤੀ ਪੁਲੀਸ ਚੌਕੀ ਇੰਚਾਰਜ ਦਾ ਕਹਿਣਾ ਸੀ ਕਿ ਕਾਰ ਜਦੋਂ ਕੈਂਟਰ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕੈਂਟਰ ਚਾਲਕ ਇਕਦਮ ਘਬਰਾ ਗਿਆ ਅਤੇ ਕਾਰ ਨੂੰ ਟੱਕਰ ਵੱਜ ਗਈ। ਚੌਕੀ ਇੰਚਾਰਜ ਨੇ ਕਿਹਾ ਕਿ ਡਰਾਈਵਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।