ਪੱਤਰ ਪ੍ਰੇਰਕ
ਰਤੀਆ, 10 ਦਸੰਬਰ
ਇਥੇ ਸਬ-ਡਿਵੀਜ਼ਨ ਦੇ ਪਿੰਡ ਹਮਜਾਪੁਰ ’ਚ ਪੰਚਾਇਤੀ ਵਿਭਾਗ ਅਧਿਕਾਰੀਆਂ ਨੇ ਪੰਚਾਇਤੀ ਅਰਾਮ ਘਰ ਦੇ ਕਮਰੇ ਦੇ ਕਬਜ਼ੇ ਨੂੰ ਛੁੱਡਵਾ ਕੇ ਖਾਲੀ ਕਰਵਾ ਲਿਆ ਹੈ। ਇਸ ਦੀ ਜ਼ਮੀਨ ’ਚ ਕੱਟੇ ਰੁੱਖਾਂ ਨੂੰ ਵੀ ਆਪਣੇ ਕਬਜ਼ੇ ’ਚ ਲੈ ਲਿਆ ਹੈ। ਦੱਸਣਯੋਗ ਹੈ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਬਣਾਏ ਅਰਾਮ ਘਰ ’ਤੇ ਕੁੱਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ। ਇਸ ਦੀ ਸੂਚਨਾ ਮਿਲਣ ’ਤੇ ਬੀਡੀਪੀਓ ਸੰਦੀਪ ਭਾਰਦਵਾਜ ਨੇ ਪਿੰਡ ਦੇ ਪੰਚਾਇਤ ਸੈਕਟਰੀ ਰਵਿੰਦਰ ਗੌੜ ਨੂੰ ਇਸ ਕਮਰੇ ਨੂੰ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਤਾਂ ਉਨ੍ਹਾਂ ਆਪਣੀ ਟੀਮ ਸਮੇਤ ਪਹੁੰਚ ’ਕੇ ਇਸ ਕਮਰੇ ’ਚੋਂ ਸਾਮਾਨ ਬਾਹਰ ਸੁੱਟ ਦਿੱਤਾ ਅਤੇ ਕਮਰੇ ਨੂੰ ਕਬਜ਼ੇ ’ਚ ਲੈ ਕੇ ਤਾਲਾ ਜੜ ਦਿੱਤਾ ਅਤੇ ਕੱਟੇ 2 ਦਰੱਖਤਾਂ ਨੂੰ ਵੀ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਕਮਰੇ ਦੀ ਚਾਬੀ ਚੌਕੀਦਾਰ ਨੂੰ ਸੌਂਪ ਦਿੱਤੀ ਹੈ। ਇਸ ਦੇ ਆਸ-ਪਾਸ ਕੀਤੇ ਨਾਜਾਇਜ਼ ਨਿਰਮਾਣ ਨੂੰ ਜੇਸੀਬੀ ਮਸ਼ੀਨ ਨਾਲ ਢੇਰੀ ਕਰ ਕਰ ਦਿੱਤਾ ਹੈ। ਪੰਚਾਇਤ ਨੇ ਇਸ ਦੀ ਰਿਪੋਰਟ ਬੀਡੀਪੀਓ ਸੰਦੀਪ ਭਾਰਦਵਾਜ ਨੂੰ ਸੌਂਪ ਦਿੱਤੀ ਹੈ ਅਤੇ ਉਨ੍ਹਾਂ ਨੇ ਪੁਲੀਸ ਨੂੰ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ।