ਪੱਤਰ ਪ੍ਰੇਰਕ
ਰਤੀਆ, 21 ਅਗਸਤ
ਸ਼ਹਿਰ ਦੇ ਸ਼ਿਆਮ ਚੌਕ ਵਿਚ ਰੋਜ਼ਾਨਾ ਲੱਗਣ ਵਾਲੇ ਜਾਮ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਹਰ ਚੌਕ ਵਿਚ ਟਰੈਫਿਕ ਪੁਲੀਸ ਦੀ ਤਾਇਨਾਤੀ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਦੀਪ ਕੁਮਾਰ, ਕੁਲਵਿੰਦਰ ਸਿੰਘ, ਮਹਿੰਦਰ, ਅਨਿਲ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਮੇਨ ਬਜ਼ਾਰ ਸਥਿਤ ਸ਼ਿਆਮ ਚੌਕ ਵਿਚ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਚੌਕ ਤੋਂ ਵਾਹਨ ਟੋਹਾਣਾ ਰੋਡ, ਖਟੀਕ ਮੁਹੱਲਾ, ਮੇਨ ਪੁਰਾਣਾ ਬਜ਼ਾਰ ਸਮੇਤ ਅਨੇਕਾਂ ਮਾਰਗਾਂ ਨੂੰ ਨਿਕਲਦੇ ਹਨ। ਹਾਲਾਂਕਿ ਚੌਕ ਵਿਚ ਸੜਕ ਨੂੰ ਚੌੜਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਜਾਮ ਦੀ ਸਮੱਸਿਆ ਤੋਂ ਰਾਹਤ ਨਹੀਂ ਮਿਲ ਸਕੀ। ਲੋਕਾਂ ਦਾ ਕਹਿਣਾ ਹੈ ਕਿ ਅਨੇਕਾਂ ਲੋਕ ਆਪਣੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੰਦੇ ਹਨ, ਜਿਸ ਨਾਲ ਜਾਮ ਦੀ ਸਮੱਸਿਆ ਬਣ ਜਾਂਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਸੰਜੈ ਗਾਂਧੀ ਚੌਕ, ਭਗਤ ਸਿੰਘ ਚੌਕ ਆਦਿ ਥਾਵਾਂ ’ਤੇ ਵੀ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਾਰੇ ਚੌਕ ਤੇ ਟਰੈਫਿਕ ਪੁਲੀਸ ਦੀ ਤਾਇਨਾਤੀ ਕੀਤੀ ਜਾਵੇ ਤਾਂ ਕਿ ਟਰੈਫਿਕ ਵਿਵਸਥਾ ਨੂੰ ਠੀਕ ਕੀਤਾ ਜਾ ਸਕੇ ਅਤੇ ਜਾਮ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।