ਪੱਤਰ ਪ੍ਰੇਰਕ
ਟੋਹਾਣਾ, 16 ਸਤੰਬਰ
ਸਵਰਗ ਆਸ਼ਰਮ ਵਿੱਚ ਅੰਤਿਮ ਸੰਸਕਾਰ ਵਾਸਤੇ ਚਿੱਤਾ ’ਤੇ ਰੱਖੀ ਲਾਸ਼ ਦਾ ਪੁਲੀਸ ਨੇ ਦਖਲ ਦੇ ਕੇ ਸਸਕਾਰ ਰੋਕ ਦਿੱਤਾ ਤੇ ਲਾਸ਼ ਕਬਜ਼ੇ ਵਿੱਚ ਲੈ ਲਈ। ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਨਾਬਾਲਗ ਲੜਕੀ ਨੇ ਘਰ ਵਿੱਚ ਕਥਿਤ ਫਾਹਾ ਲਾਕੇ ਖੁਦਕੁਸ਼ੀ ਕਰ ਲਈ ਸੀ ਪਰ ਪਰਿਵਾਰਕ ਮੈਂਬਰ ਬਿਨਾ ਪੁਲੀਸ ਨੂੰ ਸੂਚਨਾ ਦਿੱਤੇ ਅੰਤਿਮ ਰਸਮਾਂ ਕਰਨ ਲਈ ਤਿਆਰੀ ਕਰਕੇ ਸਵਰਗ ਆਸ਼ਰਮ ਪੁੱਜ ਗਏ। ਇਸ ਦੌਰਾਨ ਕਿਸੇ ਨੇ ਪੁਲੀਸ ਨੂੰ ਲੜਕੀ ਦੀ ਭੇਤਭਰੇ ਢੰਗ ਨਾਲ ਮੌਤ ਹੋਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲੀਸ ਟੀਮ ਨੇ ਮ੍ਰਿਤਕ ਲੜਕੀ ਦੀਆਂ ਅੰਤਿਮ ਰਸਮਾਂ ਸਵਰਗ ਆਸ਼ਰਮ ਪੁੱਜ ਕੇ ਰੋਕ ਦਿੱਤੀਆਂ ਤੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਟੀਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਸੱਚਾਈ ਸਾਹਮਣੇ ਆਉਣ ’ਤੇ ਹੀ ਕੋਈ ਠੋਸ ਜਾਣਕਾਰੀ ਦਿੱਤੀ ਜਾਵੇਗੀ।