ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਅਕਤੂਬਰ
ਨਸ਼ੇ ਦੀ ਹਾਲਤ ਵਿਚ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਚ ਹੰਗਾਮਾ ਕਰਨ ਵਾਲੇ ਹੋਮ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹੋਮ ਗਾਰਡ ਸੁਰਜੀਤ ਸਿੰਘ ਪੁੱਤਰ ਜੱਗਾ ਰਾਮ ਵਾਸੀ ਧਨੌਰਾ ਦੀ ਸੂਰਜ ਗ੍ਰਹਿਣ ਕਰਕੇ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ ’ਤੇ ਡਿਊਟੀ ਲੱਗੀ ਹੋਈ ਸੀ ਪਰ ਉਹ ਕੁਰੂਕਸ਼ੇਤਰ ਡਿਊਟੀ ’ਤੇ ਹਾਜ਼ਰ ਨਾ ਹੋ ਕੇ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਚ ਨਸ਼ੇ ਵਿਚ ਧੁੱਤ ਹੰਗਾਮਾ ਕਰ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਅੰਬਾਲਾ ਕੈਂਟ ਪੁਲੀਸ ਨੇ ਗਗਨਪੁਰ ਵਾਸੀ ਵੇਦ ਪ੍ਰਕਾਸ਼ ਦੀ ਸ਼ਿਕਾਇਤ ’ਤੇ ਧਾਰਾ 504/506/451 ਅਤੇ ਐਕਸਾਈਜ਼ ਐਕਟ ਦੇ ਤਹਿਤ ਐੱਫਆਈਆਰ ਦਰਜ ਕੀਤੀ ਹੈ। ਇੰਸਪੈਕਟਰ ਤਰਸੇਮ ਰਾਣਾ ਨੇ ਦੱਸਿਆ ਕਿ ਸੁਰਜੀਤ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਨਾਲ ਲਿਖਤ-ਪੜ੍ਹਤ ਕੀਤੀ ਗਈ ਹੈ ਅਤੇ ਭਲਕੇ ਬੁੱਧਵਾਰ ਨੂੰ ਉਸ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਸੋਮਵਾਰ ਸਵੇਰੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਚ ਮੋਟਰਸਾਈਕਲ ਸਵਾਰ ਹੋਮ ਗਾਰਡ ਸੁਰਜੀਤ ਸਿੰਘ ਵਰਦੀ ਦਾ ਰੋਅਬ ਦਿਖਾਉਂਦਿਆਂ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਉਸ ਉੱਤੇ ਐਮਰਜੈਂਸੀ ਵਾਰਡ ਵਿਚ ਡਾਕਟਰ ਨਾਲ ਬਦਸਲੂਕੀ ਦਾ ਵੀ ਦੋਸ਼ ਲੱਗਾ ਹੈ। ਮਾਮਲਾ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਦੇ ਨੋਟਿਸ ਵਿਚ ਆਉਣ ਤੋਂ ਬਾਅਦ ਮੁਲਜ਼ਮ ਹੋਮ ਗਾਰਡ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗਗਨਪੁਰ ਵਾਸੀ ਵੇਦ ਪ੍ਰਕਾਸ਼ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਨਸ਼ੇ ’ਚ ਧੁੱਤ ਹੋਮ ਗਾਰਡ ਜਵਾਨ ਨੇ ਪਹਿਲਾਂ ਬਿਨਾ ਵਰਦੀ ਦੇ ਹਸਪਤਾਲ ਆਉਣ, ਫਿਰ ਕੁਝ ਸਮੇਂ ਬਾਅਦ ਵਰਦੀ ਪਾ ਕੇ ਤੇ ਚਸ਼ਮੇ ਲਾ ਕੇ ਰੋਅਬ ਪਾਉਣ, ਡਾਕਟਰ ਨਾਲ ਬਦਸਲੂਕੀ ਕਰਨ, ਧਮਕੀ ਦੇਣ, ਗਾਲਾਂ ਕੱਢਣ, ਅਪਮਾਨ ਕਰਨ, ਸਰਕਾਰੀ ਕੰਮ ਵਿਚ ਰੁਕਾਵਟ ਪਾਉਣ, ਜਨਤਕ ਸਥਾਨ ’ਤੇ ਹੰਗਾਮਾ ਕਰਨ, ਸਰਕਾਰੀ ਵਰਦੀ ’ਤੇ ਨੌਕਰੀ ਦਾ ਗਲਤ ਇਸਤੇਮਾਲ ਕਰਨ ਵਰਗੇ ਦੋਸ਼ ਲਾਏ ਹਨ।