ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਜੁਲਾਈ
ਪਿਛਲੇ ਸਾਲ ਤੋਂ ਪਿੰਡ ਟਾਟਕੀ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਅੱਜ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਇਸ ਦੌਰਾਨ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਅੱਜ ਜਨ ਸਿਹਤ ਵਿਭਾਗ ਦੇ ਖ਼ਿਲਾਫ਼ ਨਾਆਰੇਬਾਜ਼ੀ ਕੀਤੀ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਟਾਟਕੀ ਵਿਚ ਜਨ ਸਿਹਤ ਵਿਭਾਗ ਦਾ ਟਿਊਬਵੈੱਲ ਪਿਛਲੇ ਸਾਲ ਤੋਂ ਬੰਦ ਪਿਆ ਹੈ ਤੇ ਹੁਣ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਲਾਏ ਜਾ ਰਹੇ ਦੂਜੇ ਟਿਊਬਵੈੱਲ ਦੀ ਉਸਾਰੀ ਦਾ ਕੰਮ ਮੱਠੀ ਰਫਤਾਰ ਨਾਲ ਚਲ ਰਿਹਾ ਹੈ। ਇਸ ਮੌਕੇ ਸੁਦੇਸ਼ ਰਾਣੀ, ਸੰਤੋਸ਼ ਰਾਣੀ, ਰੇਸ਼ਮੀ, ਸੀਮਾ ਰਾਣੀ, ਅੰਗੂਰੀ, ਹਰਜੀਤ, ਊਸ਼ਾ , ਬਲਕਾਰ ਸਿੰਘ, ਗੁਲਾਬ ਸਿੰਘ, ਸੂਰਤ ਸਿੰਘ ,ਬੀਰ ਸਿੰਘ, ਸਾਬਕਾ ਸਰਪੰਚ ਫਕੀਰ ਸਿੰਘ, ਸਿੰਘ ਰਾਮ ਨੇ ਦੋਸ਼ ਲਾਇਆ ਹੈ ਕਿ ਜਨ ਸਿਹਤ ਵਿਭਾਗ ਦਾ ਸਰਕਾਰੀ ਟਿਊਬਵੈੱਲ ਪਿਛਲੇ ਸਾਲ ਤੋਂ ਖਰਾਬ ਹੋਣ ਕਾਰਨ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਸ ਕਾਰਨ ਪਿੰਡ ਵਾਸੀਆਂ ਨੂੰ ਆਪਣੇ ਘਰੇਲੂ ਕੰਮਾਂ ਲਈ ਕਿਸਾਨਾਂ ਦੇ ਟਿਊਬਵੈੱਲਾਂ ’ਤੇ ਹੀ ਨਿਰਭਰ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਕਈ ਵਾਰ ਟਿਊਬਵੈੱਲ ਅਪਰੇਟਰ ਤੇ ਹੋਰ ਵਿਭਾਗੀ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਪਰ ਕਿਸੇ ਨੇ ਇੱਧਰ ਧਿਆਨ ਦਾ ਨਾ ਦਿੱਤਾ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਵੇਂ ਬੋਰ ਵਿਚ ਬਜਰੀ ਪੂਰੀ ਤਰ੍ਹਾਂ ਨਾ ਭਰੇ ਜਾਣ ਕਰਕੇ ਬਜਰੀ ਕਾਫੀ ਹੇਠਾਂ ਡਿੱਗ ਚੁੱਕੀ ਹੈ , ਜਿਸ ਕਰਕੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਨ ਸਿਹਤ ਵਿਭਾਗ ਦਾ ਟਿਊਬਵੈਲ ਬੰਦ ਹੋਣ ਕਰਕੇ ਅੱਤ ਦੀ ਗਰਮੀ ਵਿੱਚ ਪਿੰਡ ਵਾਸੀ ਪਾਣੀ ਨੂੰ ਤਰਸ ਰਹੇ ਹਨ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਹੱਲ ਕੀਤਾ ਜਾਏ । ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ ,ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।
ਛੇਤੀ ਹੀ ਨਵਾਂ ਟਿਊਬਵੈੱਲ ਚਾਲੂ ਕਰ ਦਿੱਤਾ ਜਾਵੇਗਾ: ਐੱਸਡੀਓ
ਜਨ ਸਿਹਤ ਵਿਭਾਗ ਦੇ ਐੱਸਡੀਓ ਸੁਨੀਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਟੈਂਕੀ ਵਿੱਚ ਲਾਏ ਗਏ ਨਵੇਂ ਟਿਊਬਵੈੱਲ ਵਿੱਚ ਕੰਪਰੈਸ਼ਰ ਲਾਉਣ ਲਈ ਠੇਕੇਦਾਰ ਨੂੰ ਕਿਹਾ ਗਿਆ ਹੈ। ਟਿਊਬਵੈਲ ਵਿੱਚ ਹੋਰ ਬਜਰੀ ਪਾਉਣ ਲਈ ਵੀ ਕਿਹਾ ਗਿਆ ਹੈ ਤੇ ਛੇਤੀ ਹੀ ਨਵਾਂ ਟਿਊਬਵੈੱਲ ਚਾਲੂ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।