ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 12 ਅਕਤੂਬਰ
ਖੇਤਰ ਦੇ ਬੜਾਗੁੜਾ ਬਲਾਕ ਦੇ 44 ਪਿੰਡਾਂ ਵਿੱਚੋਂ ਪਿੰਡ ਕਮਾਲ ਦੇ ਵਾਸੀਆਂ ਨੇ 7ਵੀਂ ਵਾਰ ਸਰਬਸੰਮਤੀ ਨਾਲ ਸਰਪੰਚ ਬਣਾ ਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਕਰੀਬ 100 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਮਾਲ ਪਿੰਡ ਵਸਾਇਆ ਸੀ। ਬਾਅਦ ਵਿੱਚ ਜੱਸੀ ਬਠਿੰਡਾ ਤੋਂ ਵੀ ਕਈ ਘਰ ਆ ਕੇ ਇੱਥੇ ਆ ਕੇ ਵਸ ਗਏ, ਜੋ ਆਪਸ ਵਿੱਚ ਮਿਲ-ਜੁਲ ਕੇ ਰਹਿੰਦੇ ਹਨ।
ਇਸ ਪਿੰਡ ਦੀ ਆਬਾਦੀ ਲਗਪਗ 900 ਅਤੇ 6 ਵਾਰਡਾਂ ਵਿੱਚ 580 ਵੋਟਰ, 140 ਘਰ ਅਤੇ 1600 ਏਕੜ ਜ਼ਮੀਨ ਹੈ| ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੀਬ 6 ਵਾਰ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਬਣੀਆਂ ਸਨ, ਜਿਨ੍ਹਾਂ ਵਿੱਚ ਭਜਨ ਸਿੰਘ ਧਾਲੀਵਾਲ, ਜਗਰਾਜ ਸਿੰਘ ਧਾਲੀਵਾਲ, ਬਲਜੀਤ ਕੌਰ ਧਾਲੀਵਾਲ, ਪ੍ਰਕਾਸ਼ ਸਿੰਘ ਧਾਲੀਵਾਲ ਅਤੇ ਪਿਛਲੀਆਂ 10 ਜਨਵਰੀ 2016 ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਸਮੂਹ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਵੋਟਾਂ ਪਾਈਆਂ ਸਨ। ਛੇਵੀਂ ਵਾਰ ਪਰਮਜੀਤ ਕੌਰ ਪਤਨੀ ਤਰਸੇਮ ਸਿੰਘ ਧਾਲੀਵਾਲ ਨੂੰ ਸਰਬਸੰਮਤੀ ਨਾਲ ਮਹਿਲਾ ਸਰਪੰਚ ਚੁਣ ਲਿਆ ਗਿਆ| ਇਸ ਵਾਰ ਸੱਤਵੀਂ ਵਾਰ ਵੀ ਪਿੰਡ ਵਾਸੀਆਂ ਨੇ ਸਰਪੰਚ ਜਗਜੀਤ ਸਿੰਘ ਰੰਧਾਵਾ ਨੂੰ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣ ਲਿਆ ਹੈ।
ਇਸ ਦੇ ਨਾਲ ਹੀ 6 ਵਾਰਡਾਂ ਵਿੱਚ ਪੰਚਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਉਣ ਲਈ ਯਤਨ ਜਾਰੀ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਿੰਡ ਕਮਾਲ ਵਿੱਚ ਇੱਕ ਐਲਾਨ ਕਰਕੇ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਇਕੱਠ ਕੀਤਾ ਗਿਆ।
ਇਸ ਉਪਰੰਤ ਹਾਜ਼ਰ ਸਾਰਿਆਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ। ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਇਹ ਪ੍ਰਣ ਲਿਆ ਗਿਆ ਕਿ ਕੋਈ ਵੀ ਵਿਅਕਤੀ ਸਰਪੰਚੀ ਦੀ ਚੋਣ ਲੜਨ ਲਈ ਫਾਰਮ ਨਹੀਂ ਭਰੇਗਾ। ਆਲੇ-ਦੁਆਲੇ ਦੇ ਪਿੰਡਾਂ ਦੇ ਜਾਗਰੂਕ ਲੋਕਾਂ ਨੇ ਵੀ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।