ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੂਨ
ਬਾਬੈਨ ਪੁਲੀਸ ਨੇ ਕੁੱਟਮਾਰ ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਦੂਜੇ ਮੁਲਜ਼ਮ ਸ਼ਗਨ ਕੁਮਾਰ ਉਰਫ ਸਾਗਾ ਵਾਸੀ ਬੁਹਾਵਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ 18 ਮਾਰਚ ਨੂੰ ਦਿੱਤੀ ਸ਼ਿਕਾਇਤ ਵਿਚ ਸ਼ੀਸ਼ਪਾਲ ਪੁੱਤਰ ਗੁਰਨਾਮ ਸਿੰਘ ਵਾਸੀ ਬੁਹਾਵਾ ਨੇ ਦੱਸਿਆ ਸੀ ਕਿ ਉਹ ਖੇਤੀ ਦਾ ਕੰਮ ਕਰਦਾ ਹੈ। 16 ਮਾਰਚ ਨੂੰ ਉਸ ਦਾ ਭਰਾ ਸੰਜੀਵ ਕੁਮਾਰ ਆਪਣੇ ਚਾਚੇ ਦੇ ਪੁੱਤਰ ਰਾਮ ਕੁਮਾਰ ਦੇ ਘਰ ਅੱਗੇ ਖੜ੍ਹਾ ਸੀ। ਉਸ ਨੇ ਦੇਖਿਆ ਕਿ ਰਾਤ ਦੇ ਕਰੀਬ 10 ਵਜੇ ਸੰਦੀਪ ,ਪ੍ਰਦੀਪ ਕੁਮਾਰ ਤੇ ਬਿੱਟੂ ਮਿਲ ਕੇ ਉਸ ਦੇ ਭਰਾ ਦੀ ਕੁੱਟਮਾਰ ਕਰ ਰਹੇ ਹਨ। ਜਦ ਉਹ ਆਪਣੇ ਭਰਾ ਨੂੰ ਬਚਾਉਣ ਲਈ ਉਥੇ ਪਹੁੰਚਿਆ ਤਾਂ ਉਨ੍ਹਾਂ ਸਾਰਿਆਂ ਨੇ ਡੰਡਿਆਂ ਤੇ ਗੰਨਾ ਵੱਢਣ ਵਾਲੇ ਗੰਡਾਸਿਆਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਰੌਲਾ ਪਾਉਣ ’ਤੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। 22 ਅਪਰੈਲ ਨੂੰ ਪੁਲੀਸ ਨੇ ਪ੍ਰਦੀਪ ਵਾਸੀ ਬੁਹਾਵਾ ਨੂੰ ਕਾਬੂ ਕਰ ਲਿਆ ਸੀ। ਦੂਜੇ ਮੁਲਜ਼ਮ ਸ਼ਗਨ ਕੁਮਾਰ ਵਾਸੀ ਬੁਹਾਵਾ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।