ਸਤਪਾਲ ਰਾਮਗੜ੍ਹੀਆ
ਪਿਹੋਵਾ, 17 ਮਾਰਚ
ਹਰਿਆਣਾ ਦੇ ਖੇਡ ਅਤੇ ਮਾਮਲਿਆਂ ਬਾਰੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਰਾਜ ਦੇ ਹਰ ਪਰਿਵਾਰ ਨੂੰ ਛੱਤ ਪ੍ਰਦਾਨ ਕਰਨ ਲਈ ਹਾਊਸਿੰਗ ਫਾਰ ਆਲ ਸਕੀਮ ਲੈ ਕੇ ਆਈ ਹੈ | ਇਸ ਸਕੀਮ ਰਾਹੀਂ ਹਰ ਉਸ ਪਰਿਵਾਰ ਨੂੰ ਆਪਣਾ ਘਰ ਮੁਹੱਈਆ ਕਰਵਾਇਆ ਜਾਵੇਗਾ, ਜਿਸ ਕੋਲ ਰਹਿਣ ਲਈ ਛੱਤ ਨਹੀਂ ਹੈ। ਖੇਡ ਮੰਤਰੀ ਸੰਦੀਪ ਸਿੰਘ ਨੇ ਅੱਜ ਪਿੰਡ ਇਸਹਾਕ ਅਤੇ ਜਲਬੇਹਾੜਾ ਸਮੇਤ ਕਈ ਹੋਰ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਇਸਹਾਕ ਵਿੱਚ ਖਰੀਦ ਕੇਂਦਰ ਦੇ ਬਾਕੀ ਰਹਿੰਦੇ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਕੇ ਰਿਪੋਰਟ ਤਿਆਰ ਕਰਨ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਪਿੰਡ ਵਿੱਚ ਮਨਰੇਗਾ ਦਾ ਕੰਮ ਸ਼ੁਰੂ ਕਰਨ ਦੇ ਨਾਲ-ਨਾਲ ਆਯੂਸ਼ਮਾਨ ਕਾਰਡ, ਰਾਸ਼ਨ ਕਾਰਡ ਅਤੇ ਬੀਪੀਐਲ ਕਾਰਡ ਵਰਗੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਖੇਡ ਮੰਤਰੀ ਨੇ ਪਿੰਡ ਜਲਬੇਹੜਾ ਦੇ ਕਮਿਊਨਿਟੀ ਸੈਂਟਰ ਦੇ ਬਾਕੀ ਰਹਿੰਦੇ ਨਿਰਮਾਣ ਕਾਰਜ ਨੂੰ ਮੁਕੰਮਲ ਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਸਿੰਚਾਈ ਵਿਭਾਗ ਦੇ ਰੈਸਟ ਹਾਊਸ ‘ਚ ਕਰਵਾਏ ਪ੍ਰੋਗਰਾਮ ‘ਚ ਦਰਜਨਾਂ ਲੋਕਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ‘ਚ ਵਿਸ਼ਵਾਸ ਪ੍ਰਗਟ ਕਰਦਿਆਂ ਭਾਜਪਾ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਠਾਈਆਂ ਸਮੱਸਿਆਵਾਂ ਦੇ ਹੱਲ ਲਈ ਖੇਡ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ ਗਏ।