ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 18 ਜੁਲਾਈ
ਸਰਵੋਦਿਆ ਹਸਪਤਾਲ ਦੇ ਆਡੀਟੋਰੀਅਮ ਵਿੱਚ ਨਾਟਕ ‘ਵਿਦ ਲਵ ਆਪਕੀ ਸੈਯਾਰਾ’ ਦਾ ਮੰਚਨ ਕੀਤਾ ਗਿਆ। ਅਭਿਨੇਤਰੀ ਜੂਹੀ ਬੱਬਰ ਸੋਨੀ ਦੁਆਰਾ ਇਸ ਨਾਟਕ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਦਿਖਾਇਆ ਗਿਆ। ਇਸ ਮੌਕੇ ਫਰੀਦਾਬਾਦ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬੀ.ਆਰ ਭਾਟੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸੰਭਰਿਆ ਫਾਊਂਡੇਸ਼ਨ, ਸਰਵੋਦਿਆ ਫਾਊਂਡੇਸ਼ਨ, ਐੱਫ.ਆਈ.ਏ. ਅਤੇ ਜੁਨੇਜਾ ਫਾਊਂਡੇਸ਼ਨ ਫਰੀਦਾਬਾਦ ਨਗਰ ਨਿਗਮ ਦੇ ਸਹਿਯੋਗ ਨਾਲ ਫਰੀਦਾਬਾਦ ਵਿੱਚ 75 ਦਿਨਾਂ ਦੇ ਮੈਗਾ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਹਿਤ ਹਰ ਹਫ਼ਤੇ ਨਾਟਕਾਂ ਦਾ ਮੰਚਨ ਕੀਤਾ ਜਾਂਦਾ ਹੈ। ਇਸੇ ਕੜੀ ਵਿੱਚ ਐਤਵਾਰ ਨੂੰ ਅਦਾਕਾਰ ਰਾਜ ਬੱਬਰ ਦੀ ਧੀ ਜੂਹੀ ਬੱਬਰ ਸੋਨੀ ਵੱਲੋਂ ਲਿਖਿਆ ਅਤੇ ਨਿਰਦੇਸ਼ਿਤ ਨਾਟਕ ‘ਵਿਦ ਲਵ ਆਪਕੀ ਸੈਯਾਰਾ’ ਦਾ ਮੰਚਨ ਕੀਤਾ ਗਿਆ। ਨਾਟਕ ਦਾ ਪ੍ਰਬੰਧ ਯੂਨਾਈਟਿਡ ਥੀਏਟਰ ਗਰੁੱਪ ਵੱਲੋਂ ਕੀਤਾ ਗਿਆ। ਨਾਟਕ ਵਿੱਚ ਤਲਾਕਸ਼ੁਦਾ ਇੱਕ ਨਵੀਂ ਉਮਰ ਦੀ ਔਰਤ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਤਲਾਕਸ਼ੁਦਾ ਔਰਤਾਂ ਨੂੰ ਸਮਾਜ ਵਿੱਚ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ, ਉਸ ਨੂੰ ਕਿਸ ਤਰ੍ਹਾਂ ਦੇ ਤਾਹਨੇ ਸੁਣਨੇ ਪੈਂਦੇ ਹਨ ਅਤੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਸਭ ਨਾਟਕ ਵਿੱਚ ਦਿਖਾਇਆ ਗਿਆ ਹੈ। ਜੂਹੀ ਬੱਬਰ ਨੇ ਨਾਟਕ ਵਿੱਚ ਸਾਇਰਾ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਬਹੁਤ ਹੀ ਭਾਵੁਕ ਅਤੇ ਦਲੇਰ ਔਰਤ ਹੈ। ਉਸ ਨਾਲ ਅਰਚਿਤ ਮਾਰਵਾਹ, ਸਮਿਤਾ ਜੁਵਾਤਕਰ ਅਤੇ ਆਕਾਸ਼ ਚੌਧਰੀ ਨੇ ਕੰਮ ਕੀਤਾ। ਐਤਵਾਰ ਨੂੰ ਕਵਿਤਾ ਕੌਸ਼ਿਕ ਅਤੇ ਕਾਮਿਆ ਪੰਜਾਬੀ ਦਾ ਨਾਟਕ ‘ਪਜਾਮਾ ਪਾਰਟੀ’ ਦਾ ਮੰਚਨ ਕੀਤਾ ਜਾਵੇਗਾ।ਇਸ ਮੌਕੇ ਰੋਟਰੀ ਅਰਥ ਤੋਂ ਜਗਤ ਮਦਾਨ, ਅੰਸ਼ੂ ਗੁਪਤਾ, ਪੱਲਵੀ ਅਗਰਵਾਲ, ਅਜੈ ਜੁਨੇਜਾ, ਸਾਧਨਾ, ਪ੍ਰੀਤੀ ਅਗਰਵਾਲ, ਨੂਪੁਰ ਕੇਤਨ, ਅਨੂ, ਸੁਦਿਤੀ, ਮੇਧਾ ਗੁਪਤਾ, ਪੂਜਾ ਗੁਪਤਾ ਅਤੇ ਰੋਟਰੀ ਕਲੱਬ ਆਫ਼ ਫਰੀਦਾਬਾਦ ਹੈਰੀਟੇਜ ਦੀ ਟੀਮ ਹਾਜ਼ਰ ਸੀ।