ਰਤੀਆ: ਇੱਥੇ ਰਤੀਆ-ਭੂਨਾ ਮਾਰਗ ’ਤੇ ਵਿਸ਼ੇਸ਼ ਸਰਕਾਰੀ ਬੱਸ ਨਾ ਚਲਾਉਣ ਤੋਂ ਭੜਕੇ ਵਿਦਿਆਰਥੀਆਂ ਨੇ ਗੁੱਸੇ ’ਚ ਆ ਕੇ ਬੱਸ ਸਟੈਂਡ ਦੇ ਦੋਵੇ ਗੇਟਾਂ ਨੂੰ ਅੱਜ ਮੁੜ ਜਿੰਦਰਾ ਜੜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਰੂਟਾਂ ਲਈ ਆਉਣ ਵਾਲੀਆਂ ਬੱਸਾਂ ਨੂੰ ਬੱਸ ਅੱਡੇ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਉਨ੍ਹਾਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਬੱਸ ਸਟੈਂਡ ਦੇ ਬਾਹਰ ਹਾਈਵੇਅ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਵਿਦਿਆਰਥੀਆਂ ਨੇ ਉਨ੍ਹਾਂ ਅਧਿਕਾਰੀਆਂ ਕੋਲੋਂ ਜਲਦ ਵਿਸ਼ੇਸ਼ ਬੱਸ ਚਲਾਉਣ ਦੀ ਮੰਗ ਰੱਖੀ। ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਦੁਪਹਿਰ 1.30 ਵਜੇ ਵਿਸ਼ੇਸ਼ ਬੱਸ ਚਲਾ ਦਿੱਤੀ ਜਾਵੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਭਰੋਸਾ ਮਿਲਣ ’ਤੇ ਵਿਦਿਆਰਥੀਆਂ ਨੇ ਬੱਸ ਸਟੈਂਡ ਅਤੇ ਸੜਕ ’ਤੇ ਲਾਇਆ ਜਾਮ ਖੋਲ੍ਹ ਕੇ ਆਵਾਜਾਈ ਬਹਾਲ ਕਰ ਦਿੱਤੀ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨਾਲ ਕੀਤਾ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ। -ਪੱਤਰ ਪ੍ਰੇਰਕ