ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 23 ਸਤੰਬਰ
ਇੱਥੋਂ ਦੇ ਹਰਿਆਣਾ ਰ4ੋਡਵੇਜ਼ ਦੇ ਉਪ ਡਿੱਪੂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਮੁਰੰਮਤ ਦੇ ਕੰਮ ਵਿੱਚ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਦੇਰੀ ਤੇ ਵਰਕਸ਼ਾਪ ਦੀਆਂ ਛੱਤਾਂ ਵਿੱਚ ਵਰਤੀ ਜਾ ਰਹੀ ਘਟੀਆ ਸਮੱਗਰੀ ਤੋਂ ਕਰਮਚਾਰੀ ਪ੍ਰੇਸ਼ਾਨ ਹਨ। ਵਰਕਸ਼ਾਪ ਦੇ ਫੋਰਮੈਨ ਡੀਆਰ ਕਸ਼ਿਯਪ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਬੱਸ ਅੱਡੇ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਬੜੀ ਹੌਲੀ ਚਾਲ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵਰਤੀ ਜਾ ਰਹੀ ਘਟੀਆ ਸਮੱਗਰੀ ਦੀ ਵਰਤੋਂ ਬਾਰੇ ਜਾਣੂੰ ਕਰਵਾ ਚੁੱਕੇ ਹਨ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਇਸ ਕੰਮ ਵਿੱਚ ਦੇਰੀ ਹੋਣ ਕਾਰਨ ਜਿੱਥੇ ਕਰਮਚਾਰੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਛੱਤਾਂ ਦਾ ਲੈਵਲ ਕੀਤਾ ਜਾ ਰਿਹਾ ਹੈ ਅਤੇ ਪੁਰਾਣੀਆਂ ਟਾਈਲਾਂ ਪੁੱਟ ਕੇ ਉਹੀ ਲਾਈਆਂ ਜਾ ਰਹੀਆਂ ਹਨ। ਕਰਮਚਾਰੀ ਚੂਹੜ ਸਿੰਘ, ਸੁਸ਼ੀਲ ਕੁਮਾਰ ਨੇ ਕੰਮ ਨੂੰ ਛੇਤੀ ਕਰਵਾਉਣ ਤੇ ਵਧੀਆ ਸਮੱਗਰੀ ਵਰਤਣ ਦੀ ਮੰਗ ਕੀਤੀ ਹੈ। ਮੌਕਾ ’ਤੇ ਆਏ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਤੇ ਠੇਕੇਦਾਰ ਪਹੁੰਚੇ ਤਾਂ ਪੱਤਰਕਾਰਾਂ ਵੱਲੋਂ ਮੁਰੰਮਤ ਦੇ ਕੰਮ ਵਿੱਚ ਘਟੀਆ ਸਾਮਾਨ ਵਰਤਣ ਅਤੇ ਕੰਮ ਵਿੱਚ ਦੇਰੀ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਐੱਸਡੀਓ ਨੇ ਜਵਾਬ ਦੇਣ ਤੋਂ ਸਾਫ ਮਨ੍ਹਾਂ ਕਰ ਦਿੱਤਾ।