ਜਗਤਾਰ ਸਮਾਲਸਰ
ਏਲਨਾਬਾਦ, 18 ਜੂਨ
ਏਲਨਾਬਾਦ-ਰਾਣੀਆਂ ਖੇਤਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ ਕਿਸਾਨਾਂ ਵਿੱਚ ਨਿਰੰਤਰ ਵਧ ਰਿਹਾ ਹੈ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਸਿੱਧੀ ਬਿਜਾਈ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਕਿਉਕਿ ਜਿਨ੍ਹਾਂ ਕਿਸਾਨਾਂ ਨੇ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਕਿਸਾਨ ਸੁਮਿਤ ਸਿੰਘ ਵਿਰਕ, ਬੂਟਾ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਬਲਜਿੰਦਰ ਸਿੰਘ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਝੋਨੇ ਸਿੱਧੀ ਬਿਜਾਈ ਕੀਤੀ ਸੀ ਅਤੇ 8 ਤੋਂ 10 ਕੁਇੰਟਲ ਪ੍ਰਤੀ ਏਕੜ ਵੱਧ ਪੈਦਾਵਾਰ ਹੋਈ ਸੀ। ਇਸ ਲਈ ਉਨ੍ਹਾਂ ਨੇ ਇਸ ਵਾਰ ਆਪਣੇ ਸਾਰੇ ਰਕਬੇ ਵਿੱਚ ਸਿੱਧੀ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਪੈਦਾਵਾਰ ਵੀ ਵਧਦੀ ਅਤੇ ਲਾਗਤ ਖਰਚ ਘਟਦਾ ਹੈ।
ਏਲਨਾਬਾਦ ਦੇ ਬਲਾਕ ਤਕਨੀਕੀ ਖੇਤੀਬਾੜੀ ਅਫਸਰ ਰਾਮ ਚੰਦਰ ਨੇ ਦੱਸਿਆ ਕਿ ਏਲਨਾਬਾਦ ਬਲਾਕ ਵਿੱਚ ਹੁਣ ਤੱਕ ਕਿਸਾਨਾਂ ਨੇ 15 ਹਜ਼ਾਰ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਜਦਕਿ 10 ਹਜ਼ਾਰ ਏਕੜ ਵਿੱਚ ਹੋਰ ਸਿੱਧੀ ਬਿਜਾਈ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਨੇੜਲੇ ਪਿੰਡਾਂ ਵਿੱਚ ਪਿਛਲੇ ਸਾਲ ਕਰੀਬ 70 ਫੀਸਦੀ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਇਸ ਵਾਰ ਇਹ ਅੰਕੜਾ 80 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਵਾਰ ਏਲਨਾਬਾਦ ਬਲਾਕ ਵਿੱਚ ਨਰਮੇ ਅਤੇ ਕਪਾਹ ਦੀ ਬਿਜਾਈ ਵਿੱਚ 30 ਤੋਂ 35 ਫੀਸਦੀ ਦੀ ਕਮੀ ਆਈ ਹੈ। ਕਰੀਬ 25 ਹਜ਼ਾਰ ਏਕੜ ਰਕਬੇ ਵਿੱਚ ਇਸ ਵਾਰ ਨਰਮੇ ਅਤੇ ਕਪਾਹ ਦੀ ਬਿਜਾਈ ਹੋਈ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ ਪਰ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਕਾਫੀ ਬੱਚਤ ਹੁੰਦੀ ਹੈ। ਇਸ ਲਈ ਝੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨਾਂ ਦਾ ਵਧ ਰਿਹਾ ਰੁਝਾਨ ਚੰਗਾ ਸੰਕੇਤ ਹੈ।