ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 22 ਅਕਤੂਬਰ
ਅੰਬਾਲਾ ਛਾਉਣੀ ਦੇ ਰੇਲਵੇ ਆਡੀਟੋਰੀਅਮ ਵਿਚ ਅੱਜ ਰੁਜ਼ਗਾਰ ਮੇਲੇ ਦਾ ਆਗਾਜ਼ ਹੋਇਆ, ਜਿਸ ਦੇ ਪਹਿਲੇ ਗੇੜ ਵਿੱਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 10 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਹੈ, ਇਸੇ ਤਹਿਤ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾਉਂਦਿਆਂ ਅੱਜ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋ ਵਿਭਾਗਾਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਕਿਰਤ ਵਿਚ ਵੀ ਨਿਯੁਕਤੀਆਂ ਹੋਣਗੀਆਂ। ਇਸ ਮੌਕੇ ਡੀਆਰਐੱਮ ਮਨਦੀਪ ਸਿੰਘ ਭਾਟੀਆ ਨੇ ਵੀ ਸੰਬੋਧਨ ਕੀਤਾ।