ਪ੍ਰਭੂ ਦਿਆਲ
ਸਿਰਸਾ, 5 ਜੁਲਾਈ
ਇਥੋਂ ਦੇ ਪਿੰਡ ਅਰਨੀਆਂਵਾਲੀ ਦੇ ਸਰਕਾਰੀ ਮਾਡਲ ਸੰਸਕਿ੍ਤੀ ਸਕੂਲ ਨੂੰ ਪਿੰਡ ਵਾਸੀਆਂ ਨੇ ਜਿੰਦਰਾ ਲਾ ਦਿੱਤਾ ਹੈ। ਪਿੰਡ ਵਾਸੀਆਂ ਤੇ ਸਕੂਲ ਵਿਦਿਆਰਥੀਆਂ ਨੇ ਇਕ ਅਧਿਆਪਕ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਅਧਿਆਪਕ ਦੇ ਤਬਾਦਲੇ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਅਧਿਆਪਕ ਦਾ ਤਬਾਦਲਾ ਨਹੀਂ ਹੁੰਦਾ, ਉਦੋਂ ਤੱਕ ਨਾ ਬੱਚੇ ਸਕੂਲ ਆਉਣਗੇ ਤੇ ਨਾ ਹੀ ਜਿੰਦਰਾ ਖੋਲ੍ਹਿਆ ਜਾਵੇਗਾ।
ਅਰਨੀਆਂਵਾਲੀ ਦੇ ਲੋਕਾਂ ਨੇ ਦੱਸਿਆ ਕਿ ਬੱਚਿਆਂ ਨੇ ਇਕ ਅਧਿਆਪਕ ’ਤੇ ਦੋਸ਼ ਲਾਇਆ ਹੈ ਕਿ ਅਧਿਆਪਕ ਵੱਲੋਂ ਬੱਚਿਆਂ ਨੂੰ ਮੰਦਾ ਬੋਲਿਆ ਜਾਂਦਾ ਹੈ, ਜਿਸ ਕਰਕੇ ਬੱਚੇ ਸਕੂਲ ਆਉਣ ਤੋਂ ਡਰ ਰਹੇ ਹਨ। ਅਧਿਆਪਕ ਦੇ ਤਬਾਦਲੇ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਪਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਅੱਜ ਸਕੂਲ ਨੂੰ ਜਿੰਦਰਾ ਲਾ ਦਿੱਤਾ। ਇਸ ਦੀ ਸੂਚਨਾ ਮਿਲਣ ’ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੁਰਤ ਸਕੂਲ ਪਹੁੰਚ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਸੀ ਆਪਣੀ ਮੰਗ ’ਤੇ ਬਜ਼ਿਦ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਕੂਲ ਦੇ ਇਕ ਅਧਿਆਪਕ ਦੀ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤੇ ਉਨ੍ਹਾਂ ਦੇ ਫੈਸਲੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਸਕੂਲ ਦਾ ਗੇਟ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।