ਪੱਤਰ ਪ੍ਰੇਰਕ
ਰਤੀਆ, 7 ਅਗਸਤ
ਘੱਗਰ ਨਦੀ ਦੇ ਪਾਣੀ ਦਾ ਪੱਧਰ ਘਟਣ ’ਤੇ ਇਸ ਇਲਾਕੇ ਦੇ ਲੋਕਾਂ ਨੇ ਇਕ ਵਾਰ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ ਪਹਾੜੀ ਖੇਤਰਾਂ ’ਚ ਜ਼ਿਆਦਾ ਬਰਸਾਤਾਂ ਹੋਣ ਕਾਰਨ ਇਸ ਨਦੀ ’ਚ ਪਾਣੀ ਦਾ ਪੱਧਰ ਖਤਰਨਾਕ ਦੌਰ ’ਤੇ ਚੱਲ ਰਿਹਾ ਸੀ। ਇਸ ਨਦੀ ’ਤੇ ਪਾਣੀ ਦਾ ਪੱਧਰ 9 ਫੁੱਟ ਤੱਕ ਪਹੁੰਚ ਗਿਆ ਸੀ। ਇਸ ਸਥਿਤੀ ’ਚ ਹੜ੍ਹ ਆਉਣ ਦੀ ਸੰਭਾਵਨਾ ਦੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਬਚਾਅ ਲਈ ਪੁਖਤਾ ਪ੍ਰਬੰਧ ਕਰ ਲਏ ਸਨ। ਇਸ ਵੇਲੇ 24 ਘੰਟਿਆਂ ’ਚ ਪਾਣੀ ਦਾ ਪੱਧਰ ਘੱਟ ਕੇ 4 ਫੁੱਟ ਤੱਕ ਰਹਿ ਗਿਆ ਪਰ ਘੱਗਰ ਨਦੀ ’ਚ ਨਿਰੰਤਰ ਪਾਣੀ ਚੱਲਣ ’ਤੇ ਕਿਸਾਨ ਖੁਸ਼ ਹਨ। ਮੌਨਸੂਨ ਦੇ ਮੌਸਮ ’ਚ ਪਹਾੜੀ ਖੇਤਰਾਂ ’ਚ ਜ਼ਿਆਦਾ ਬਰਸਾਤ ਆਉਣ ’ਤੇ ਬਰਸਾਤੀ ਪਾਣੀ ਇਸ ਨਦੀ ਅਤੇ ਹੋਰਨਾਂ ਗੁਆਢੀ ਰਾਜਾਂ ਰਾਹੀਂ ਰਾਜਸਥਾਨ ਸੂਬੇ ’ਚ ਵੜ੍ਹ ਜਾਂਦਾ ਹੈ। ਕਿਸਾਨ ਗੁਰਦੇਵ ਸਿੰਘ, ਮੁਖਤਿਆਰ ਸਿੰਘ, ਨਾਮਦੇਵ ਸਿੰਘ ਨੇ ਦੱਸਿਆ ਕਿ ਇਸ ਖੇਤਰ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਹੇਠਾ ਜਾ ਚੁੱਕਿਆ ਹੈ।
ਕਾਲਿੰਦੀ ਕੁੰਜ ਕੋਲ ਫਿਰ ਰਸਾਇਣਕ ਝੱਗ ਯਮੁਨਾ ਨਦੀ ਵਿੱਚ ਦੇਖੀ ਗਈ
ਨਵੀਂ ਦਿੱਲੀ ( ਪੱਤਰ ਪ੍ਰੇਰਕ): ਦਿੱਲੀ ਦੀ ਤ੍ਰੇਹ ਬੁਝਾਉਣ ਦਾ ਸਰੋਤ ਯਮੁਨਾ ਨਦੀ ਵਿਚਲੇ ਪਾਣੀ ਅੰਦਰ ਰਸਾਇਣਾਂ ਦੀ ਬਹੁਤਾਤ ਹੋਣ ਮਗਰੋਂ ਇਸ ਵਿੱਚ ਜ਼ਹਿਰੀਲੀ ਝੱਗ ਇੱਕ ਵਾਰ ਫਿਰ ਦੇਖੀ ਗਈ ਹੈ ਤੇ ਕਾਲਿੰਦੀ ਕੁੰਜ ਨੇੜੇ ਯਮੁਨਾ ਦੇ ਪਾਣੀ ਉਪਰ ਇਹ ਝੱਗ ਤੈਰਦੀ ਦੇਖੀ ਜਾ ਸਕਦੀ ਹੈ। ਇਸ ਝੱਗ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ ਵੀ ਮੰਨੀ ਜਾ ਰਹੀ ਹੈ ਜੋ ਮਨੁੱਖੀ ਸਿਹਤ ਦੇ ਨਾਲ-ਨਾਲ ਇਲਾਕੇ ਵਿੱਚ ਫਸਲਾਂ ਤੇ ਹੋਰ ਜੀਵਾਂ ਲਈ ਹਾਨੀਕਾਰਕ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਝੱਗ ਸਨਅਤੀ ਰਸਾਇਣਾਂ ਦੇ ਨਿਕਾਸ ਮਗਰੋਂ ਪਾਣੀ ਵਿੱਚ ਫਾਸਫੇਟ ਦੀ ਵੱਧ ਮਾਤਰਾ ਤੇ ਸਾਬਣਾਂ ਵੀ ਵਰਤੋਂ ਨਾਲ ਪੈਦਾ ਹੁੰਦੀ ਹੈ। 2019 ਵਿੱਚ ਇਹ ਮੁੱਦਾ ਉੱਭਰਿਆ ਸੀ ਤੇ ਇਸ ਝੱਗ ਨੂੰ ਛੱਠ ਪੂਜਾ ਕਰਨ ਵਾਲਿਆਂ ਲਈ ਵੀ ਖ਼ਤਰਨਾਕ ਮੰਨਿਆ ਗਿਆ ਸੀ। ਬੀਤੇ ਸਾਲਾਂ ਦੌਰਾਨ ਨਦੀ ਦਾ ਪਾਣੀ ਹੋਰ ਗੰਧਲਾ ਹੋਇਆ ਹੈ। ਹਾਲਾਂ ਕਿ ਦਿੱਲੀ ਸਰਕਾਰ ਨੇ ਯਮੁਨਾ ਦੀ ਸਫ਼ਾਈ ਲਈ 9 ਨੁਕਾਤੀ ਪ੍ਰੋਗਰਾਮ ਤੈਅ ਕੀਤਾ ਸੀ। ਨਦੀ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰ ਵਜ਼ੀਰਾਬਾਦ ਤੇ ਓਖਲਾ ਦੇ ਵਿਚਕਾਰ ਦਿੱਲੀ ਵਿੱਚ ਸਥਿਤ ਹੈ ਜੋ ਕਿ ਨਦੀ ਦੀ ਲੰਬਾਈ ਦਾ ਸਿਰਫ 2 ਫ਼ੀਸਦ ਹੈ ਜੋ ਕੁੱਲ ਪ੍ਰਦੂਸ਼ਣ ਭਾਰ ਦਾ 76 ਫ਼ੀਸਦ ਹੈ।