ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਦਸੰਬਰ
ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਵਿਚਕਾਰ ਤਲਖ਼ੀ ਪਹਿਲਾਂ ਵਾਂਗ ਬਰਕਰਾਰ ਹੈ। ਇਸ ਦਾ ਸਪਸ਼ਟ ਪ੍ਰਮਾਣ ਹੈ ਕਿ ਸ੍ਰੀ ਵਿੱਜ ਮੰਗਲਵਾਰ ਨੂੰ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚ ਨਹੀਂ ਪਹੁੰਚੇ ਅਤੇ ਨਾ ਹੀ ਬੁੱਧਵਾਰ ਨੂੰ ਸਕੱਤਰੇਤ ਗਏ ਹਨ। ਸੂਤਰਾਂ ਅਨੁਸਾਰ ਏਨੀ ਤਲਖ਼ੀ ਦਾ ਕਾਰਨ ਮੁੱਖ ਮੰਤਰੀ ਵੱਲੋਂ ਵਿੱਜ ਕੋਲੋਂ ਗ੍ਰਹਿ ਵਿਭਾਗ ਵਾਪਸ ਮੰਗਣਾ ਸੀ। ਸੂਤਰਾਂ ਮੁਤਾਬਕ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਗ੍ਰਹਿ ਵਿਭਾਗ ਛੱਡਣ ਲਈ ਕਿਹਾ ਹੈ। ਇੰਨੀ ਗੱਲ ਸੁਣਦਿਆਂ ਹੀ ਵਿੱਜ ਨੂੰ ਗ਼ੁੱਸਾ ਆ ਗਿਆ ਅਤੇ ਤਲਖ਼ੀ ਏਨੀ ਵੱਧ ਗਈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਮੇਜ਼ ’ਤੇ ਆਪਣਾ ਅਸਤੀਫ਼ਾ ਰੱਖ ਦਿੱਤਾ। ਸੂਤਰ ਦੱਸਦੇ ਹਨ ਕਿ ਜਿਸ ਸਮੇ ਇਹ ਸੰਵਾਦ ਹੋਇਆ, ਉਸ ਸਮੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਅਤੇ ਪਾਰਟੀ ਦੇ ਪ੍ਰਦੇਸ਼ ਇੰਚਾਰਜ ਵਿਨੋਦ ਤਾਵੜੇ ਵੀ ਮੌਜੂਦ ਸਨ। ਵਿੱਜ ਨੇ ਮੁੱਖ ਮੰਤਰੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਉਸ ਪਿੱਛੇ ਪਏ ਹੋਏ ਹਨ।
ਉਧਰ ਵਿਨੋਦ ਤਾਵੜੇ ਨੇ ਪੂਰੇ ਮਾਮਲੇ ਬਾਰੇ ਕੇਂਦਰੀ ਆਗੂਆਂ ਨੂੰ ਸੂਚਿਤ ਕਰ ਦਿੱਤਾ ਹੈ। ਵਿੱਜ ਦੇ ਸਹੁੰ ਚੁੱਕ ਸਮਾਗਮ ਵਿਚ ਨਾ ਪਹੁੰਚਣ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਵਿੱਜ ਨਾਲ ਫੋਨ ’ਤੇ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਗ੍ਰਹਿ ਵਿਭਾਗ ਉਨ੍ਹਾਂ ਕੋਲ ਹੀ ਰਹੇਗਾ। ਵਿੱਜ ਨੇ ਵੀ ਕੇਂਦਰੀ ਆਗੂਆਂ ਨੂੰ ਦੱਸਿਆ ਕਿ ਕਿਵੇਂ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀ ਮੁੱਖ-ਮੰਤਰੀ ਨਾਲ ਅਣਬਣ ਚੱਲ ਰਹੀ ਹੈ। ਅਹਿਮ ਵਿਭਾਗ ਵਾਪਸ ਲਏ ਜਾਣ ਨਾਲ ਵਿੱਜ ਦਾ ਨਾਰਾਜ਼ ਹੋਣਾ ਸੁਭਾਵਕ ਹੈ। ਸਹੁੰ ਚੁੱਕ ਸਮਾਗਮ ਤੇ ਸਕੱਤਰੇਤ ’ਚੋਂ ਗ਼ੈਰਹਾਜ਼ਰ ਰਹਿਣ ਦਰਮਿਆਨ ਵਿੱਜ ਨੇ ਬੁੱਧਵਾਰ ਅਤੇ ਅੱਜ ਵੀਰਵਾਰ ਦੋਵੇਂ ਦਿਨ ਛਾਉਣੀ ਸਥਿਤ ਆਪਣੇ ਨਿਵਾਸ ’ਤੇ ਜਨਤਾ ਦਰਬਾਰ ਲਾ ਕੇ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ।
ਬਾਜ਼ਾਰ ਸ਼ਾਮ ਨੂੰ ਜਲਦੀ ਬੰਦ ਕਰਨ ਦੇ ਨਹੀਂ ਦਿੱਤੇ ਹੁਕਮ: ਵਿੱਜ
ਕਰੋਨਾ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਸੋਸ਼ਲ ਮੀਡੀਆ ’ਤੇ ਇਕ ਮੈਸੇਜ ਵਾਇਰਲ ਹੋਇਆ ਹੈ ਜਿਸ ਵਿੱਚ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਹਵਾਲੇ ਨਾਲ ਹਰਿਆਣਾ ਵਿਚ ਨਾਈਟ ਕਰਫ਼ਿਊ ਦਾ ਸਮਾਂ ਵਧਾਉਣ ਦੀ ਗੱਲ ਆਖੀ ਜਾ ਰਹੀ ਹੈ। ਵਿੱਜ ਨੇ ਵਟਸਐੱਪ ਸੁਨੇਹੇ ਰਾਹੀਂ ਸਾਫ਼ ਕੀਤਾ ਕਿ ਉਨ੍ਹਾਂ ਸ਼ਾਮ ਨੂੰ ਬਾਜ਼ਾਰ ਜਲਦੀ ਬੰਦ ਕਰਨ ਸਬੰਧੀ ਕੋਈ ਹੁਕਮ ਨਹੀਂ ਦਿੱਤੇ ਹਨ। ਵਿੱਜ ਦੇ ਮੀਡੀਆ ਸਲਾਹਕਾਰ ਰਾਮਿੰਦਰ ਸਿੰਘ ਨੇ ਵਾਇਰਲ ਮੈਸੇਜ ਨੂੰ ਕੋਰੀ ਅਫ਼ਵਾਹ ਕਰਾਰ ਦਿੱਤਾ ਹੈ।