ਪੱਤਰ ਪ੍ਰੇਰਕ
ਪੰਚਕੂਲਾ, 5 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਸੂਬੇ ਵਿੱਚ ਦੁਨੀਆਂ ਦਾ ਸੱਭ ਤੋਂ ਵੱਡਾ ਜੰਗਲ ਸਫ਼ਾਰੀ ਪਾਰਕ ਵਿਕਸਿਤ ਕੀਤਾ ਜਾਵੇਗਾ। ਇਸ ਦੀ ਉਸਾਰੀ ਨਾਲ ਜਿੱਥੇ ਅਰਾਵਲੀ ਪਰਵਤ ਲੜੀ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਮਿਲੇਗੀ, ਉੱਥੇ ਹੀ ਗੁਰੂਗ੍ਰਾਮ ਤੇ ਨੁੰਹ ਖੇਤਰਾਂ ਵਿੱਚ ਸੈਰ-ਸਪਾਟਾ ਵੀ ਵਿਕਸਿਤ ਹੋਵੇਗਾ। ਇਸ ਸਬੰਧ ਵਿੱਚ ਸ੍ਰੀ ਖੱਟਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ 7 ਦਿਨਾਂ ਵਿੱਚ ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਅੱਜ ਇੱਥੇ ਨਵੀਂ ਦਿੱਲੀ ਵਿੱਚ ਅਰਾਵਲੀ ਸਫ਼ਾਰੀ ਪਾਰਕ ਦੇ ਸਬੰਧ ਵਿੱਚ ਰੱਖੀ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਤੇ ਨੁੂਹ ਜ਼ਿਲ੍ਹਿਆਂ ਦੇ ਅਰਾਵਲੀ ਖੇਤਰ ’ਚੋਂ 10,000 ਏਕੜ ਜ਼ਮੀਨ ਦੀ ਚੋਣ ਜੰਗਲ ਸਫ਼ਾਰੀ ਪਾਰਕ ਲਈ ਕੀਤੀ ਗਈ ਹੈ।