ਪੱਤਰ ਪ੍ਰੇਰਕ
ਰਤੀਆ, 18 ਜੂਨ
ਟੋਹਾਣਾ ਇਲਾਕੇ ਦੇ ਪਿੰਡ ਰਹਿਣਵਾਲੀ ਵਿੱਚ ਏਅਰ ਕੰਡੀਸ਼ਨ ਦੀ ਮੁਰੰਮਤ ਕਰਨ ਲਈ ਗਏ ਰਤੀਆ ਇਲਾਕੇ ਦੇ ਪਿੰਡ ਅਲੀਕਾ ਦਾ ਨੌਜਵਾਨ ਨਹਿਰ ਵਿਚ ਪਾਣੀ ਪੀਂਦੇ ਸਮੇਂ ਪੈਰ ਤਿਲਕਣ ਮਗਰੋਂ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲੀਸ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਪਿੰਡ ਅਲੀਕਾ ਦਾ ਸਤਪਾਲ ਕੰਬੋਜ (20) ਜੋ ਕਿ ਏਸੀ ਮਕੈਨਿਕ ਦਾ ਕੰਮ ਕਰਦਾ ਸੀ। ਬੀਤੀ ਸ਼ਾਮ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਰਹਿਣਵਾਲਾ ਵਿੱਚ ਏਸੀ ਦੀ ਮੁਰੰਮਤ ਕਰਨ ਕਿਸੇ ਦੇ ਘਰ ਗਿਆ ਸੀ। ਉਸ ਦੇ ਦੋਸਤ ਨੇ ਦੱਸਿਆ ਕਿ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਰਸਤੇ ਵਿਚ ਲੰਘਣ ਵਾਲੀ ਨਹਿਰ ਤੇ ਉਹ ਅਤੇ ਸੱਤਪਾਲ ਪਾਣੀ ਪੀਣ ਲਈ ਰੁਕ ਗਏ। ਜਦੋਂ ਉਹ ਪਾਣੀ ਪੀਣ ਲੱਗੇੇ ਤਾਂ ਸਤਪਾਲ ਦਾ ਪੈਰ ਤਿਲਕ ਗਿਆ। ਪਲਾਂ ਵਿੱਚ ਹੀ ਪਾਣੀ ਦਾ ਤੇਜ਼ ਵਹਾਅ ਉਸ ਨੂੰ ਰੋੜ ਕੇ ਲੈ ਗਿਆ। ਹਾਲਾਂਕਿ ਉਸ ਨਾਲ ਗਏ ਦੋਸਤ ਨੇ ਇਸ ਘਟਨਾ ਦੀ ਜਾਣਕਾਰੀ ਆਸ ਪਾਸ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ, ਜਿਸ ’ਤੇ ਸਤਪਾਲ ਦੀ ਭਾਲ ਸ਼ੁਰੂ ਕੀਤੀ ਗਈ ਪਰ ਅਜੇ ਤੱਕ ਸਤਪਾਲ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਉਧਰ ਪੁਲੀਸ ਨੇ ਵੀ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਪਿੰਡ ਦੇ ਸਾਬਕਾ ਸਰਪੰਚ ਫ਼ਤਹਿਚੰਦ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਸਤਪਾਲ ਬੀਤੀ ਸ਼ਾਮ ਨੇੜੇ ਦੇ ਪਿੰਡ ਰਹਿਣਵਾਲਾ ਵਿੱਚ ਏਸੀ ਦੀ ਮੁਰੰਮਤ ਕਰਨ ਗਿਆ ਸੀ ਕਿ ਪਾਣੀ ਪੀਂਦੇ ਸਮੇਂ ਨਹਿਰ ਵਿਚ ਪੈਰ ਤਿਲਕਣ ਨਾਲ ਉਹ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ।