ਪੱਤਰ ਪ੍ਰੇਰਕ
ਕਾਲਾਂਵਾਲੀ, 14 ਮਈ
ਪਿੰਡ ਬੜਾਗੁੜਾ ਤੋਂ ਵੀਰੂਵਾਲਾ ਗੁੜਾ ਜਾਂਦੇ ਹੋਏ ਮੋਟਰਸਾਈਕਲ ਸਵਾਰ ਦੀ ਸੜਕ ’ਤੇ ਡਿੱਗੇ ਰੁੱਖ ਨਾਲ ਟਕਰਾ ਕੇ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਇਤਫਾਕੀਆ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵੀਰੂਵਾਲਾ ਗੁੜਾ ਦਾ ਰਹਿਣ ਵਾਲਾ ਨੌਜਵਾਨ ਪ੍ਰਦੀਪ ਕੁਮਾਰ (24) ਜੋ ਪਿੰਡ ਬੜਾਗੁੜਾ ਵਿੱਚ ਸਟੇਸ਼ਨਰੀ ਦੀ ਦੁਕਾਨ ਕਰਦਾ ਸੀ, ਉਹ ਕਿਸੇ ਕੰਮ ਬੜਾਗੁੜਾ ਗਿਆ ਹੋਇਆ ਸੀ ਅਤੇ ਰਾਤ 10 ਵਜੇ ਦੇ ਕਰੀਬ ਬੜਾਗੁੜਾ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਵੀਰੂਵਾਲਾ ਗੁੜਾ ਆ ਰਿਹਾ ਸੀ। ਕੁਝ ਦਿਨ ਪਹਿਲਾਂ ਸੜਕ ’ਤੇ ਤੂਫਾਨ ਕਾਰਨ ਇੱਕ ਰੁੱਖ ਡਿੱਗ ਗਿਆ ਸੀ ਜਿਸ ਦੇ ਨਾਲ ਪ੍ਰਦੀਪ ਕੁਮਾਰ ਦਾ ਮੋਟਰਸਾਈਕਲ ਟਕਰਾ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬੜਾਗੁੜਾ ਥਾਣਾ ਦੇ ਏਐਸਆਈ ਸੱਤਿਆਵਾਨ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹੇਤਰਾਮ ਦੇ ਬਿਆਨ ’ਤੇ ਇਤਫਾਕੀਆ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ।