ਪੱਤਰ ਪ੍ਰੇਰਕ
ਰਤੀਆ, 28 ਨਵੰਬਰ
ਸ਼ਹਿਰ ਦੀ ਟਿੱਬਾ ਕਲੋਨੀ ਵਿੱਚ ਨਸ਼ੇ ’ਚ ਧੁੱਤ ਇਕ ਨੌਜਵਾਨ ਨੇ ਦਸ਼ਮੇਸ਼ ਗੁਰਦੁਆਰਾ ਸਾਹਿਬ ਅੰਦਰ ਕਥਿਤ ਤੌਰ ’ਤੇ ਵੜ ਕੇ ਸੰਗਤ ਨਾਲ ਹੱਥੋਪਾਈ ਅਤੇ ਗਾਲੀ ਗਲੋਚ ਵੀ ਕੀਤੀ ਅਤੇ ਗ੍ਰੰਥੀ ਦੀ ਸੀਟ ’ਤੇ ਬੈਠ ਕੇ ਧਮਕੀਆਂ ਦੇਣ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਨੌਜਵਾਨ ਨੂੰ ਸੰਗਤਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਨੇ ਥਾਣੇ ’ਚ ਪਹੁੱਚ ਕੇ ਉਕਤ ਨੌਜਵਾਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਸ ਦੀ ਪਛਾਣ ਸਤਨਾਮ ਸਿੰਘ ਵਾਸੀ ਰਤੀਆ ਵਜੋਂ ਹੋਈ। ਉਸ ਦੀ ਜੇਬ ਵਿੱਚੋਂ ਮਾਚਿਸ ਵੀ ਬਰਾਮਦ ਕੀਤੀ ਗਈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹ ਗੁਰੂ ਘਰ ’ਚ ਬੇਅਦਬੀ ਕਰਨ ਦੀ ਨੀਅਤ ਨਾਲ ਆਇਆ ਹੋਵੇਗਾ। ਪੁਲੀਸ ਨੇ ਗੁਰੂ ਘਰ ਦੇ ਪ੍ਰਧਾਨ ਜੀਤ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।