ਪੱਤਰ ਪ੍ਰੇਰਕ
ਰਤੀਆ, 7 ਅਪਰੈਲ
ਇਥੇ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਤੋਂ ਇਲਾਵਾ ਪਿੰਡ ਲਾਲੀ ਦੇ ਲਾਲਵਾਸ ਰੋਡ ’ਤੇ ਘਰਾਂ ਵਿੱਚ ਦਾਖਲ ਹੋ ਕੇ ਚਾਰ ਘਰਾਂ ਵਿਚ ਚੋਰੀ ਹੋ ਗਈ। ਖੁਸ਼ਹਾਲ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਘਰ ਵਿੱਚ ਪਰਿਵਾਰ ਸਮੇਤ ਸੁੱਤਾ ਪਿਆ ਸੀ ਅਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਕਿ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਵਿੱਚੋਂ 6 ਤੋਲਾ ਸੋਨਾ ਅਤੇ ਨਗਦੀ ਗਾਇਬ ਸੀ। ਦੂਜੇ ਪਾਸੇ ਉਸ ਦੇ ਗੁਆਂਢੀ ਰਮੇਸ਼ ਕੁਮਾਰ ਦੇ ਘਰੋਂ ਵੀ ਇੱਕ ਮੋਬਾਈਲ ਤੇ ਹੋਰ ਸਾਮਾਨ ਚੋਰੀ ਹੋ ਗਿਆ। ਇਸੇ ਪਿੰਡ ਦੇ ਨਹਿਰ ਕੋਲ ਇੱਕ ਘਰ ਵਿੱਚ 11 ਹਜ਼ਾਰ ਰੁਪਏ ਨਗਦੀ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਇਸ ਤੋਂ ਇਲਾਵਾ ਇੱਕ ਹੋਰ ਘਰ ਵਿੱਚ ਵੀ ਚੋਰਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਘਰ ਵਾਲਿਆਂ ਦੀ ਜਾਗ ਖੁੱਲ੍ਹਣ ਕਾਰਨ ਚੋਰ ਭੱਜ ਗਏ।