ਪੱਤਰ ਪ੍ਰੇਰਕ
ਰਤੀਆ, 24 ਮਈ
ਇਲਾਕੇ ਦੇ ਪਿੰਡ ਮਹਿਮੜਾ ਦੇ ਸਰਕਾਰੀ ਸਕੂਲ ਵਿਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਚੋਰਾਂ ਨੇ ਜਿੱਥੇ ਪਹਿਲਾਂ ਪ੍ਰਾਈਵੇਟ ਸਕੂਲ ਵਿਚ ਮਿੱਡ-ਡੇਅ ਮੀਲ ਦਾ ਹਜ਼ਾਰਾਂ ਦਾ ਸਾਮਾਨ ਚੋਰੀ ਕੀਤਾ ਹੈ, ਉਥੇ ਹੀ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਦੇ ਤਾਲੇ ਤੋੜ ਕੇ ਹਜ਼ਾਰਾਂ ਦਾ ਕੀਮਤ ਸਾਮਾਨ ਚੋਰੀ ਕਰ ਲਿਆ ਹੈ। ਸਕੂਲ ਦੇ ਪ੍ਰਿੰਸੀਪਲ ਰਾਮ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਉਪਰੰਤ ਪੁਲੀਸ ਨੇ ਮਾਮਲਾ ਦਰਜ ਕਰਕੇ ਆਸਪਾਸ ਦੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਿੰਸੀਪਲ ਨੇ ਸਬੰਧਤ ਮਹਿਮੜਾ ਚੌਕੀ ਵਿਚ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਸਕੂਲ ਵਿਚ ਬਣੇ ਮਿੱਡ-ਡੇਅ ਮੀਲ ਦੇ ਕਮਰੇ ਦੇ ਤਾਲੇ ਤੋੜ ਕੇ ਉਥੇ ਰੱਖੇ ਸਿਲੰਡਰ, ਕਣਕ, ਰਸੋਈ ਦਾ ਹੋਰ ਸਾਮਾਨ ਚੋਰੀ ਕਰ ਲਿਆ।