ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਨਵੰਬਰ
ਸ੍ਰੀ ਆਤਮਾ ਨੰਦ ਜੈਨ ਸਕੂਲ ਅੰਬਾਲਾ ਸ਼ਹਿਰ ਦੇ ਪ੍ਰਿੰਸੀਪਲ ਨੀਰਜ ਬਾਲੀ ਨੇ ਸਕੂਲ ਵਿਚੋਂ ਸਾਮਾਨ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਹੈ। ਪੁਲੀਸ ਨੇ ਦੋਹਾਂ ਸ਼ੱਕੀ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿੰਸੀਪਲ ਨੀਰਜ ਬਾਲੀ ਨੇ ਪੁਲੀਸ ਨੂੰ ਦੱਸਿਆ ਕਿ 30/31 ਅਕਤੂਬਰ ਦੀ ਰਾਤ ਨੂੰ 1 ਵਜੇ ਸਕੂਲ ਵਿਚੱ ਵੜ ਕੇ ਚੋਰਾਂ ਨੇ ਪਿੱਤਲ ਦੀਆਂ ਟੂਟੀਆਂ, ਫਾਇਰ ਸੇਫਟੀ ਵਾਲਵ, ਸੀਵਰੇਜ ਦੇ ਢੱਕਣ ਅਤੇ ਪਾਣੀ ਦੀ ਪਾਈਪ ਲਾਈਨ ਆਦਿ ਸਾਮਾਨ ਚੋਰੀ ਕਰ ਲਿਆ ਅਤੇ ਨਾਹਨ ਹਾਊਸ ਵਿੱਚ ਕਿਸੇ ਕਬਾੜੀ ਕੋਲ ਵੇਚ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਤੌਰ ’ਤੇ ਚੋਰਾਂ ਨੂੰ ਫੜ ਲਿਆ ਹੈ। ਪੁਲੀਸ ਨੇ ਮਨੀਸ਼ ਕੁਮਾਰ ਉਰਫ਼ ਮੋਨੂੰ ਵਾਸੀ ਰੇਲਵੇ ਰੋਡ ਅਤੇ ਅਮਿਤ ਕੁਮਾਰ ਉਰਫ਼ ਆਸ਼ੂ ਵਾਸੀ ਨਇਆ ਗਾਂਵ ਫਾਟਕ ਨੰਬਰ-2 ਦੇ ਖ਼ਿਲਾਫ਼ ਸ਼ੱਕੀ ਮੁਲਜ਼ਮਾਂ ਦੇ ਤੌਰ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਿੰਸੀਪਲ ਨੀਰਜ ਬਾਲੀ ਨੇ ਸਾਮਾਨ ਖ਼ਰੀਦਣ ਵਾਲੇ ਕਬਾੜੀ ਦੇ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਮਾਮਲੇ ’ਚ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।