ਪੱਤਰ ਪ੍ਰੇਰਕ
ਏਲਨਾਬਾਦ, 19 ਜੁਲਾਈ
ਏਲਨਾਬਾਦ ਦੇ ਵਿਧਾਇਕ ਅਤੇ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸਬੰਧੀ ਵਿਦੇਸ਼ੀ ਨੰਬਰ ਤੋਂ ਫ਼ੋਨ ਅਭੈ ਚੌਟਾਲਾ ਦੇ ਨਿੱਜੀ ਸਹਾਇਕ ਨੂੰ ਆਇਆ। ਧਮਕੀ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ, ਜਿਸ ਮਗਰੋਂ ਪੁਲੀਸ ਨੇ ਧਮਕੀ ਦੇਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਦਰ ਜੀਂਦ ਵਿੱਚ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਧਮਕੀ ਮਿਲਣ ਤੋਂ ਬਾਅਦ ਅਭੈ ਚੌਟਾਲਾ ਦੀ ਸੁਰੱਖਿਆ ਵਧਾ ਕੇ ਉਨ੍ਹਾਂ ਨਾਲ ਪੁਲੀਸ ਦੀ ਵਾਧੂ ਗੱਡੀ ਤਾਇਨਾਤ ਕੀਤੀ ਗਈ ਹੈ। ਇਸ ਪੂਰੇ ਮਾਮਲੇ ਦੀ ਪੁਸ਼ਟੀ ਇਨੈਲੋ ਦੇ ਬੁਲਾਰੇ ਮਹਾਂਵੀਰ ਸ਼ਰਮਾ ਨੇ ਦਿੱਤੀ। ਮਹਾਂਵੀਰ ਸ਼ਰਮਾ ਅਨੁਸਾਰ ਅਭੈ ਚੌਟਾਲਾ ਦੇ ਪੀਏ ਰਮੇਸ਼ ਗੋਦਾਰਾ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਨ੍ਹਾਂ ਨੂੰ ਫ਼ੋਨ ਆਇਆ, ਜਿਸ ਰਾਹੀਂ ਅਭੈ ਚੌਟਾਲਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਵਲੋਂ ਇਸ ਸਬੰਧੀ ਜੀਂਦ ਸਦਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਪੁੱਤਰ ਅਭੈ ਚੌਟਾਲਾ ਇਨ੍ਹੀਂ ਦਿਨੀਂ ਪੂਰੇ ਹਰਿਆਣਾ ਵਿੱਚ ਪਰਿਵਰਤਨ ਯਾਤਰਾ ਕੱਢ ਰਹੇ ਹਨ। 18 ਜੁਲਾਈ ਨੂੰ ਇਨੈਲੋ ਦੀ ਪਰਿਵਰਤਨ ਯਾਤਰਾ ਜੀਂਦ ਦੇ ਪਿੰਡ ਲਲਿਤ ਖੇੜਾ ਨੇੜੇ ਪਹੁੰਚੀ ਸੀ ਤਾਂ ਰਾਤ ਕਰੀਬ 9 ਵਜੇ ਉਨ੍ਹਾਂ ਦੇ ਨਿੱਜੀ ਸਹਾਇਕ ਦੇ ਮੋਬਾਈਲ ’ਤੇ ਕਿਸੇ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਕਾਲ ਰਾਹੀਂ ਇਹ ਧਮਕੀ ਦਿੱਤੀ ਗਈ। ਅਭੈ ਚੌਟਾਲਾ ਨੇ ਆਖਿਆ ਕਿ ਕੁਝ ਲੋਕ ਉਨ੍ਹਾਂ ਦੀ ਪਰਿਵਰਤਨ ਯਾਤਰਾ ਤੋਂ ਦੁਖੀ ਹਨ। ਇਸ ਲਈ ਇਹ ਧਮਕੀਆਂ ਆ ਰਹੀਆਂ ਹਨ ਪਰ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ।