ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਅਕਤੂਬਰ
ਫੂਡ ਕਾਰਪੋਰੇਸ਼ਨ ਆਫ ਇੰਡੀਆ ਮੈਨੇਜਰ ਝੱਜਰ ਵਾਸੀ ਮਨੋਜ ਦੇ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾ ਕੇ 10 ਲੱਖ ਰੁਪਏ ਦੀ ਸੌਦੇਬਾਜ਼ੀ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਪੀੜਤ ਦੀ ਪਤਨੀ ਸਣੇ ਤਿੰਨ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਜ਼ਿਸ਼ ਵਿਚ ਸ਼ਾਮਲ ਮਹੇਸ਼ ਨਗਰ ਥਾਣੇ ਦਾ ਐੱਸਐੱਚਓ ਇੰਸਪੈਕਟਰ ਸੁਭਾਸ਼ ਫਰਾਰ ਹੋ ਗਿਆ ਹੈ, ਜਿਸ ਨੂੰ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਮੁਅੱਤਲ ਕਰ ਦਿੱਤਾ। ਪੁਲੀਸ ਨੇ ਸ਼ਿਕਾਇਤਕਰਤਾ ਦੀ ਪਤਨੀ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਹੈ। ਜਾਣਕਾਰੀ ਅਨੁਸਾਰ ਐੱਫਸੀਆਈ ਵਿਚ ਤਾਇਨਾਤ ਮਨੋਜ ਕੁਮਾਰ ਨੇ 18 ਅਕਤੂਬਰ ਨੂੰ ਸੈਕਟਰ-9 ਥਾਣੇ ਵਿਚ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ 12 ਅਕਤੂਬਰ ਨੂੰ ਰਵਨੀਤ ਕੌਰ ਨਾਂ ਦੀ ਮਹਿਲਾ ਨੇ ਹੋਰ ਲੋਕਾਂ ਨਾਲ ਮਿਲ ਕੇ ਰੁਪਏ ਠੱਗਣ ਦੀ ਨੀਅਤ ਨਾਲ ਉਸ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾਇਆ ਸੀ। ਸਿਟ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਹਨੀਟਰੈਪ ਦਾ ਖ਼ੁਲਾਸਾ ਹੋਇਆ। ਪੁਲੀਸ ਨੇ ਝੂਠਾ ਕੇਸ ਦਰਜ ਕਰਾਉਣ ਵਾਲੀ ਰਵਨੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਸੁਖਪ੍ਰੀਤ ਨਾਂ ਦੀ ਮਹਿਲਾ ਦਾ ਜ਼ਿਕਰ ਕੀਤਾ, ਜਿਸ ਤੋਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਯਮੁਨਾਨਗਰ ਵਿਚ ਵੀ ਅਜਿਹਾ ਮਾਮਲਾ ਦਰਜ ਕਰਾਇਆ ਹੋਇਆ ਹੈ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਨੋਜ ਦੀ ਪਤਨੀ ਨਾਲ ਐੱਸਐੱਚਓ ਸੁਭਾਸ਼ ਦੀ ਦੋਸਤੀ ਹੈ ਅਤੇ ਪ੍ਰੀਤੀ ਨੇ ਹੀ ਸੁਭਾਸ਼ ਦੇ ਜ਼ਰੀਏ ਮਨੋਜ ਕੁਮਾਰ ਦੇ ਖ਼ਿਲਾਫ਼ ਜਬਰ-ਜਨਾਹ ਦਾ ਝੂਠਾ ਕੇਸ ਦਰਜ ਕਰਾਇਆ ਹੈ। ਇਹ ਵੀ ਪਤਾ ਲੱਗਾ ਕਿ ਮਨੋਜ ਕੁਮਾਰ ਅਤੇ ਉਸ ਦੀ ਪਤਨੀ ਪ੍ਰੀਤੀ ਦਾ ਅਦਾਲਤ ਵਿਚ ਤਲਾਕ ਦਾ ਕੇਸ ਚੱਲ ਰਿਹਾ ਹੈ।