ਅੰਬਾਲਾ: ਸੀਆਈਡੀ ਅੰਬਾਲਾ ਦੀ ਟੀਮ ਨੇ ਰਸੋਈ ਗੈਸ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਕੇ ਬਲੈਕ ਵਿੱਚ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਆਈਡੀ ਨੂੰ ਸੂਚਨਾ ਮਿਲੀ ਸੀ ਕਿ ਅੰਬਾਲਾ ਸ਼ਹਿਰ ਦੇ ਖੰਨਾ ਪੈਲੇਸ ਨੇੜੇ ਬੰਦ ਪਈ ਡੇਅਰੀ ਵਿਚ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਕੇ ਬਲੈਕ ਵਿਚ ਵੇਚੀ ਜਾਂਦੀ ਹੈ। ਇਸ ਸੂਚਨਾ ਦੇ ਆਧਾਰ ’ਤੇ ਸੀਆਈਡੀ ਅਤੇ ਖ਼ੁਰਾਕ ਸਪਲਾਈ ਵਿਭਾਗ ਦੀ ਸਾਂਝੀ ਟੀਮ ਨੇ ਰੇਡ ਕੀਤੀ ਅਤੇ 35 ਨਾਜਾਇਜ਼ ਸਿਲੰਡਰਾਂ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਖ਼ੁਰਾਕ ਸਪਲਾਈ ਵਿਭਾਗ ਦੀ ਇੰਸਪੈਕਟਰ ਬਿਰਮਾ ਦੇਵੀ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਸਿਲੰਡਰਾਂ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਮੁਲਜ਼ਮ ਭਰੇ ਸਿਲੰਡਰ ਵਿਚੋਂ ਡੇਢ ਤੋਂ 2 ਕਿੱਲੋ ਗੈਸ ਚੋਰੀ ਕਰ ਕੇ ਖ਼ਾਲੀ ਸਿਲੰਡਰ ਭਰ ਕੇ ਬਲੈਕ ਵਿਚ ਵੇਚਦੇ ਸਨ। -ਨਿੱਜੀ ਪੱਤਰ ਪ੍ਰੇਰਕ