ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਸਤੰਬਰ
ਇੱਥੇ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਦੋਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਤਾਂ ਤਿੰਨ ਆਜ਼ਾਦ ਉਮੀਦਵਾਰਾਂ ਜਸਵਿੰਦਰ ਸਿੰਘ ਜਾਸਟ ਭੁੱਖੜੀ, ਰਾਜ ਕੁਮਾਰ ਕਿਸ਼ਨਪੁਰਾ, ਵਕੀਲ ਰਜਨੀਸ਼ ਸੈਣੀ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਕਿਯੂ ਨੇਤਾ ਜੈ ਪਾਲ ਬੇਰਥਲੀ ਨੇ ਵੀ ਆਪਣਾ ਨਾਮਜ਼ਦਗੀ ਪਰਚਾ ਵਾਪਸ ਲੈ ਕੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸ੍ਰੀ ਸੈਣੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿਚ ਭਾਜਪਾ ਸਰਕਾਰ ਨੇ ਜਾਤੀਵਾਦ ਤੇ ਪਰਿਵਾਰਵਾਦ ਤੋਂ ਪਰੇ ਹੋ ਕੇ 36 ਬਿਰਾਦਰੀ ਦੇ ਲੋਕਾਂ ਦੇ ਹਿੱਤਾਂ ਲਈ ਜਨ ਕਲਿਆਣਕਾਰੀ ਨੀਤੀਆਂ ਬਣਾ ਕੇ ਉਨ੍ਹਾਂ ਦੀ ਭਲਾਈ ਲਈ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਬਿਨਾਂ ਭੇਦਭਾਵ ਤੇ ਖੇਤਰਵਾਦ ਦੇ ਸੂਬੇ ਦੇ 90 ਵਿਧਾਨ ਸਭਾ ਖੇਤਰਾਂ ਵਿਕਾਸ ਕੀਤਾ ਹੈ। ਮੁੱਖ ਮੰਤਰੀ ਬਾਬੈਨ ਵਿਚ ਸਰਪੰਚ ਸੰਜੀਵ ਸਿੰਗਲਾ ਵੱਲੋਂ ਕਰਵਾਈ ਨੁੱਕੜ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਾਡਵਾ ਹਲਕੇ ਨੂੰ ਵਿਕਾਸ ਪਖੋਂ ਨੰਬਰ ਇਕ ਬਣਾਇਆ ਜਾਏਗਾ।
ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਾਡਵਾ ਵਿਚ ਹੀ ਦਫਤਰ ਬਣਾਇਆ ਜਾਏਗਾ। ਇਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਾਰਨ ਲੋਕ ਕਾਂਗਰਸ ਪਾਰਟੀ ਤੋਂ ਦੁਖੀ ਸੀ। ਉਨ੍ਹਾਂ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਹਲਕਾ ਇੰਚਾਰਜ ਧਰਮਬੀਰ ਮਿਰਜਾਪੁਰ, ਰਾਹੁਲ ਰਾਣਾ, ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਸਰਪੰਚ ਸੰਜੀਵ ਸਿੰਗਲਾ, ਮੰਡੀ ਪ੍ਰਧਾਨ ਜਦਗੀਸ਼ ਢੀਂਗਰਾ ਮੌਜੂਦ ਸਨ।
ਅਨਾਜ ਮੰਡੀ ਤੇ ਲੇਖਾਕਾਰ ਐਸੋਸੀਏਸ਼ਨਾਂ ਵੀ ਸੈਣੀ ਦੇ ਹੱਕ ਵਿੱਚ ਨਿੱਤਰੀਆਂ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੋ ਲਾਡਵਾ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਹਨ ਦਾ ਅਨਾਜ ਮੰਡੀ ਬਾਬੈਨ ਪੁੱਜਣ ’ਤੇ ਮੰਡੀ ਦੇ ਵਪਾਰੀਆਂ, ਮੁਨੀਮਾਂ ਤੇ ਪੱਲੇਦਾਰਾਂ ਨੇ ਸਵਾਗਤ ਕੀਤਾ। ਇਸ ਮੌਕੇ ਅਨਾਜ ਮੰਡੀ ਐਸੋਸੀਏਸ਼ਨ ਤੇ ਲੇਖਾਕਾਰ ਐਸੋਸੀਏਸ਼ਨ ਵਲੋਂ ਚੋਣਾਂ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ। ਸੈਣੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਵਪਾਰੀਆਂ ਦੇ ਕਮਿਸ਼ਨ ਰੇਟ ਵਧਾਉਣ ਦੇ ਨਾਲ ਨਾਲ ਸਰਕਾਰ ਨੇ ਕਣਕ ਦੀ ਨਮੀ ਕਾਰਨ 12 ਕਰੋੜ ਰੁਪਏ ਵੀ ਸਰਕਾਰੀ ਖਜ਼ਾਨੇ ਵਿੱਚ ਵਪਾਰੀਆਂ ਨੂੰ ਦੇ ਕੇ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਵਪਾਰੀਆਂ ਦੀਆਂ ਹੋਰ ਸਮੱਸਿਆਵਾਂ ਹਨ ਨਵੀਂ ਸਰਕਾਰ ਦੇ ਗਠਨ ਹੋਣ ’ਤੇ ਹੱਲ ਕਰ ਦਿੱਤੀਆਂ ਜਾਣਗੀਆਂ। ਸ੍ਰੀ ਸੈਣੀ ਅਨਾਜ ਮੰਡੀ ਬਾਬੈਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਭਾਜਪਾ ਦੀਆਂ ਜਨ ਕਲਿਆਣਕਾਰੀ ਨੀਤੀਆਂ ਤੋਂ ਪ੍ਰਭਾਵਿਤ ਹਨ ਤੇ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ ਬਹੁਤ ਲੋਕ ਭਲਾਈ ਕਾਰਜ ਕੀਤੇ ਹਨ। ਉਨ੍ਹਾਂ ਵਪਾਰੀਆਂ, ਮੁਨੀਮਾਂ ,ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਤੀਜੀ ਵਾਰ ਭਾਰੀ ਬਹੁਮੱਤ ਨਾਲ ਡਬਲ ਇੰਜਣ ਦੀ ਸਰਕਾਰ ਬਣਾਉਣ ਦਾ ਕੰਮ ਕਰਨ। ਇਸ ਮੌਕੇ ਮੰਡੀ ਪ੍ਰਧਾਨ ਜਗਦੀਸ਼ ਢੀਂਗਰਾ, ਨਾਇਬ ਪਟਾਕ ਮਾਜਰਾ, ਜਤਿੰਦਰ ਗਰਗ, ਕੌਸ਼ਲ ਸੈਣੀ, ਬਲਦੇਵ ਸੈਣੀ, ਉਪਦੇਸ਼ ਸ਼ਰਮਾ, ਸੰਦੀਪ ਗੋਇਲ, ਬੱਬੂ ਭਗਵਾਨ ਪੁਰ, ਰੋਹਤਾਸ਼ ਸੈਣੀ, ਰਾਜਵੀਰ ਪਰਜਾਪਤ, ਸੁਮਿਤ ਬਿੰਦਲ, ਕ੍ਰਿਸ਼ਨ ਮੱਕੜ, ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ, ਕੁਲਵੰਤ ਸਿੰਘ, ਹਰਦੇਵ ਸਿੰਘ, ਪ੍ਰਦੀਪ ਕੁਮਾਰ, ਸੁਭਾਸ਼ ਚੰਦ ਮੌਜੂਦ ਸਨ।