ਪ੍ਰਭੂ ਦਿਆਲ
ਸਿਰਸਾ, 9 ਦਸੰਬਰ
ਸਥਾਨਕ ਪੁਲੀਸ ਦੇ ਸੀਆਈਏ ਸਟਾਫ਼ ਨੇ ਇੱਕ ਅੰਤਰਰਾਜੀ ਚੋਰ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਗਰੋਹ ਦੇ ਤਿੰਨ ਮੈਬਰਾਂ ਨੂੰ ਕਾਬੂ ਕੀਤਾ ਹੈ।
ਸੀਆਈਏ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿਛ ਦੌਰਾਨ ਚੋਰੀ ਦੀਆਂ ਅੱਠ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁੱਛਗਿਛ ਦੌਰਾਨ ਹੋਰ ਖੁਲਾਸੇ ਹੋਣ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸੰਦੀਪ ਉਰਫ ਮਨਜੀਤ ਸਿੰਘ ਵਾਸੀ ਨਾਨੂਆਣਾ ਰਾਣੀਆਂ, ਕਸ਼ਮੀਰ ਸਿੰਘ ਵਾਸੀ ਵਾਰਡ ਨੰਬਰ-15, ਰਾਣੀਆਂ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਬਾਜ਼ੀਗਰ ਮੁਹੱਲਾ, ਸਿਰਸਾ ਦੇ ਰੂਪ ਵਿੱਚ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਜ਼ਿਲ੍ਹੇ ਦੇ ਰਾਣੀਆਂ ਕਸਬਾ ਤੋਂ ਦੋ ਅਤੇ ਪੰਜਾਬ ਦੇ ਬਠਿੰੜਾ ਰੇਲਵੇ ਸਟੇਸ਼ਨ ਤੇ ਰਾਜਸਥਾਨ ਦੇ ਅਜਮੇਰ ਸਥਿਤ ਇੱਕ ਹੋਟਲ ਤੋਂ ਵੀ ਚੋਰੀਆਂ ਕਰਨੀਆਂ ਕਬੂਲੀਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੂੰ ਸਿਰਸਾ ਦੇ ਆਟੋ ਮਾਰਕੀਟ ਖੇਤਰ ਤੋਂ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ।