ਪੱਤਰ ਪ੍ਰੇਰਕ
ਜੀਂਦ, 22 ਜੂਨ
ਇੱਥੇ ਜ਼ਿਲ੍ਹੇ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਨੌਜਵਾਨਾਂ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇੱਥੇ ਜੀਂਦ-ਜੁਲਾਣਾ ਰੋਡ ’ਤੇ ਪਿੰਡ ਗਤੋਲੀ ਕੋਲ ਟਰੱਕ ਅਤੇ ਕਾਰ ਵਿਚਕਾਰ ਹੋਈ ਟੱਕਰ ਵਿੱਚ ਕਾਰ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਜੀਂਦ ਦੀ ਡਿਫੈਂਸ ਕਲੋਨੀ ਵਾਸੀ ਵਿਸ਼ਵਜੀਤ ਨੇ ਪੁਲੀਸ ਨੂੰ ਦਰਜ ਕਰਵਾਈ ਰਿਪੋਰਟ ਵਿੱਚ ਕਿਹਾ ਕਿ ਉਸ ਦਾ ਭਰਾ ਵਿਕਰਮਜੀਤ ਕਾਰ ਵਿੱਚ ਜੁਲਾਣਾ ਤੋਂ ਜੀਂਦ ਵੱਲ ਆ ਰਿਹਾ ਸੀ ਤਾਂ ਇਸੇ ਦੌਰਾਨ ਪਿੰਡ ਗਤੌਲੀ ਕੋਲ ਕਾਰ ਦੀ ਸਾਹਮਣੇ ਤੋਂ ਆ ਰਹੇ ਤੇਜ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ।
ਉਸ ਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਸਫੀਦੋਂ ਉਪ ਮੰਡਲ ਦੇ ਪਿੰਡ ਡਿਡਵਾੜਾ ਕੋਲ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਪੈਦਲ ਚੱਲ ਰਹੇ ਨੌਜਵਾਨ ਨੂੰ ਟੱਕਰ ਮਾਰੀ। ਇਸ ਘਟਨਾ ਵਿੱਚ ਪੈਦਲ ਜਾ ਰਹੇ ਨੌਜਵਾਨ ਦੀ ਮੋਤ ਹੋ ਗਈ।
ਮ੍ਰਿਤਕ ਦੀ ਪਛਾਣ ਸੁਸ਼ੀਲ (34) ਵਾਸੀ ਪਿੰਡ ਡਿਡਵਾੜਾ ਵਜੋਂ ਹੋਈ। ਉਹ ਆਪਣੇ ਚਾਚੇ ਦੇ ਪੁੱਤਰ ਸੁਸ਼ੀਲ ਨਾਲ ਪਿੰਡ ਨਿਮਨਾਵਾਦ ਵਾਲੀ ਸੜਕ ’ਤੇ ਘੁੰਮ ਕੇ ਆਪਣੇ ਪਿੰਡ ਡਿਡਵਾੜਾ ਵੱਲ ਪੈਦਲ ਆ ਰਿਹਾ ਸੀ। ਉੱਧਰ ਪਿੱਲੂਖੇੜਾ ਦੇ ਕੱਟੜਾ ਹਾਈਵੇਅ ਕੋਲ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਡ ਕਾਲਵਾ ਵਾਸੀ ਅਜੀਤ ਸਿੰਘ ਨੇ ਕਿਹਾ ਕਿ ਉਸ ਦਾ ਭਾਣਜਾ ਰਾਕੇਸ਼ ਮੋਟਰਸਾਈਕਲ ’ਤੇ ਜੀਂਦ ਵੱਲ ਆ ਰਿਹਾ ਸੀ ਤਾਂ ਕਟੜਾ ਵਾਲੇ ਹਾਈਵੇਅ ਕੋਲ ਅਣਪਛਾਤੇ ਵਾਹਨ ਉਸ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਪੁਲੀਸ ਨੇ ਅਜੀਤ ਦੇ ਬਿਆਨਾ ਉੱਤੇ ਕੇਸ ਦਰਜ ਕਰ ਲਿਆ ਹੈ।