ਟ੍ਰਿਬਿਊਨ ਨਿਊਜ਼ ਸਰਵਿਸ
ਪਾਣੀਪਤ, 29 ਜੂਨ
ਸੋਨੀਪਤ ਜ਼ਿਲ੍ਹੇ ਵਿੱਚ ਸਥਿਤ ਟੀਡੀਆਈ ਕੁੰਡਲੀ ਵਿੱਚਲੇ ਇਕ ਫਲੈਟ ਵਿਚੋਂ 21 ਸਾਲਾ ਟਿਕ-ਟੌਕ ਸਟਾਰ ਦੀ ਲਾਸ਼ ਮਿਲੀ ਹੈ। ਮ੍ਰਿਤਕਾ ਦਾ ਨਾਂ ਸ਼ਿਵਾਨੀ ਹੈ ਜਿਸ ਦੀ ਹੱਤਿਆ ਕਥਿਤ ਤੌਰ ’ਤੇ ਉਸ ਦੇ ਪੁਰਸ਼ ਦੋਸਤ ਨੇ ਕੀਤੀ ਹੈ ਜਿਸ ਨਾਲ ਉਸ ਨੇ ਬੋਲਣਾ ਬੰਦ ਕਰ ਦਿੱਤਾ ਸੀ। ਸ਼ਿਵਾਨੀ ਦੇ ਪਿਤਾ ਵਿਨੋਦ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਆਰਿਫ਼ ਤੇ ਉਹ ਬੀਤੇ ਪੰਜ ਸਾਲਾਂ ਤੋਂ ਦੋਸਤ ਸਨ, ਪਰ ਬੀਤੇ ਕੁਝ ਦਿਨਾਂ ਤੋਂ ਸ਼ਿਵਾਨੀ ਨੇ ਆਰਿਫ਼ ਨਾਲ ਬੋਲਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸ਼ਿਵਾਨੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਆਰਿਫ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਉਸ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕਪਾਸੜ ਪਿਆਰ ਦੇ ਚੱਲਦੇ ਆਰਿਫ ਨੇ ਉਸ ਦੀ ਹੱਤਿਆ ਕੀਤੀ ਹੈ। ਪੁਲੀਸ ਨੇ ਆਰਿਫ ਖ਼ਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਦਿੱਤੀ ਹੈ। ਪੁਲੀਸ ਅਨੁਸਾਰ ਸ਼ਿਵਾਨੀ ਦੀ ਮੌਤ ਗਲ ਘੁੱਟਣ ਕਾਰਨ ਹੋਈ ਜਾਪਦੀ ਹੈ। ਮਿ੍ਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ ਧੀਆਂ ਸ਼ਵੇਤਾ ਅਤੇ ਸ਼ਿਵਾਨੀ ਟੀਡੀਆਈ ਕੁੰਡਲੀ ਵਿੱਚ ਇਕ ਫਲੈਟ ਵਿੱਚ ਸੈਲੂਨ ਚਲਾਉਂਦੀਆਂ ਸਨ।