ਨਵੀਂ ਦਿੱਲੀ, 24 ਜੁਲਾਈ
ਬਜਟ ਨੂੰ ਜੁਮਲਿਆਂ ’ਤੇ ਆਧਾਰਿਤ ਹੋਣ ਦਾ ਦਾਅਵਾ ਕਰਦਿਆਂ ਕਾਂਗਰਸ ਦੀ ਸੀਨੀਅਰ ਆਗੂ ਸ਼ੈਲਜਾ ਨੇ ਐੱਨਡੀਏ ਦੇ ਭਾਈਵਾਲਾਂ ਨਿਤੀਸ਼ ਕੁਮਾਰ ਅਤੇ ਐੱਨ. ਚੰਦਰਬਾਬੂ ਨਾਇਡੂ ਨੂੰ ਖ਼ਬਰਦਾਰ ਕੀਤਾ ਕਿ ਉਹ ਬਜਟ ’ਚ ਸੂਬਿਆਂ ਨੂੰ ਵੱਡਾ ਹਿੱਸਾ ਮਿਲਣ ’ਤੇ ਅੱਜ ਜਸ਼ਨ ਮਨਾ ਸਕਦੇ ਹਨ ਪਰ ਸਮਾਂ ਬਦਲਣ ’ਚ ਜ਼ਿਆਦਾ ਦੇਰ ਨਹੀਂ ਲਗਦੀ ਹੈ। ਲੋਕ ਸਭਾ ’ਚ ਬਜਟ ’ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਸ਼ੈਲਜਾ ਨੇ ਜਾਤੀਗਤ ਜਨਗਨਣਾ ਤੋਂ ਬਿਨ੍ਹਾਂ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਦੇ ਮਸਲਿਆਂ ਦੀ ਪਛਾਣ ’ਤੇ ਸਵਾਲ ਖੜ੍ਹੇ ਕੀਤੇੇ।
ਉਨ੍ਹਾਂ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨੂੰ ਵਧਾਈ ਦਿੰਦਿਆਂ ਕਿਹਾ, ‘‘ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਿਰਮਲਾ ਸੀਤਾਰਮਨ ਨੇ ਬਜਟ ’ਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਪੜ੍ਹਿਆ ਜੋ ਅਸੀਂ ਪੂਰੀ ਮਿਹਨਤ ਨਾਲ ਤਿਆਰ ਕੀਤਾ ਸੀ। ਪਰ ਇਹ ਬਜਟ ਕਿਸ ਲਈ ਹੈ। ਕੀ ਇਹ ਸਿਰਫ਼ ਦੋ ਸੂਬਿਆਂ ਲਈ ਹੈ ਜਾਂ ਪੂਰੇ ਮੁਲਕ ਨੂੰ ਇਸ ’ਚ ਕੁਝ ਦਿੱਤਾ ਗਿਆ ਹੈ।’’ ਉਨ੍ਹਾਂ ‘ਕੁਰਸੀ ਬਚਾਓ ਅਤੇ ਜੁਮਲਾ ਬਜਟ’ ਕਰਾਰ ਦਿੰਦਿਆਂ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਖ਼ਬਰਦਾਰ ਕੀਤਾ ਅਤੇ ਕਿਹਾ ਕਿ ਉਹ ਆਪਣੀ ਸਰਕਾਰ ਦੀਆਂ ਗੱਲਾਂ ’ਚ ਨਾ ਆਉਣ। ‘ਅੱਜ ਜਾਪਦਾ ਹੈ ਕਿ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਗਿਆ ਹੈ ਪਰ ਹਾਲਾਤ ਬਦਲਣ ’ਚ ਲੰਬਾ ਵਕਤ ਨਹੀਂ ਲਗਦਾ ਹੈ।’ ਸ਼ੈਲਜਾ ਨੇ ਕਿਹਾ ਕਿ ਲੋਕਾਂ ਨੂੰ ਬਜਟ ’ਤੇ ਵਿਸ਼ਵਾਸ ਨਹੀਂ ਹੈ ਜਿਸ ਕਾਰਨ ਭਾਜਪਾ ਦੀਆਂ ਸੀਟਾਂ 303 ਤੋਂ ਘਟ ਕੇ 240 ਰਹਿ ਗਈਆਂ ਹਨ। ਕਾਂਗਰਸ ਆਗੂ ਨੇ ਸਰਕਾਰ ’ਚ ਹਰਿਆਣਾ ਤੋਂ ਤਿੰਨ ਮੰਤਰੀ ਹੋਣ ਦੇ ਬਾਵਜੂਦ ਸੂਬੇ ਨੂੰ ਕੁਝ ਨਾ ਦੇਣ ਲਈ ਵੀ ਬਜਟ ਦੀ ਨਿਖੇਧੀ ਕੀਤੀ।
ਸਪਾ ਦੇ ਮੈਂਬਰ ਬੀਰੇਂਦਰ ਸਿੰਘ ਨੇ ਬਜਟ ਨੂੰ ‘ਸਰਕਾਰ ਬਚਾਓ ਬਜਟ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਉੱਤਰ ਪ੍ਰਦੇਸ਼ ਤੋਂ ਚੋਣ ਜਿੱਤੇ ਹਨ ਪਰ ਸੀਤਾਰਮਨ ਦੇ ਭਾਸ਼ਣ ’ਚ ਯੂਪੀ ਬਾਰੇ ਇਕ ਵੀ ਸ਼ਬਦ ਨਹੀਂ ਸੁਣਿਆ ਗਿਆ। ਸਪਾ ਆਗੂ ਨੇ ਕਿਹਾ ਕਿ ਭਾਜਪਾ ਨੂੰ ਯੂਪੀ ਤੋਂ ਵੱਧ ਸੀਟਾਂ ਨਾ ਜਿਤਾਉਣ ਕਰਕੇ ਸੂਬੇ ਦੇ ਲੋਕਾਂ ਨੂੰ ਇਸ ਦੀ ਕੀਮਤ ਤਾਰਨੀ ਪੈ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸ਼ਸ਼ੀ ਥਰੂਰ ਨੇ ਬਜਟ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਅਰਥਚਾਰੇ ਦੀ ਗੱਡੀ ਠੀਕ ਨਹੀਂ ਕਰ ਸਕੀ ਤਾਂ ਉਸ ਨੇ ਸਿਰਫ਼ ‘ਹੌਰਨ ਦੀ ਆਵਾਜ਼ ਵਧਾ ਦਿੱਤੀ ਹੈ।’ ਬਜਟ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਸਿੱਖਿਆ ਖੇਤਰ ਨੂੰ ਅਣਗੌਲਿਆ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਜਟ ਪੂਰੀ ਤਰ੍ਹਾਂ ਸਪੱਸ਼ਟ ਕਰਦਾ ਹੈ ਕਿ ਭਾਜਪਾ ਕੋਲ ਵਿਚਾਰ ਖ਼ਤਮ ਹੋ ਗਏ ਹਨ। ਥਰੂਰ ਨੇ ਕਿਹਾ ਕਿ ਸਰਕਾਰ ਦੀ ਤਰਜੀਹ ਮੁੱਖ ਤੌਰ ’ਤੇ ਆਪਣੇ ਦੋ ਭਾਈਵਾਲਾਂ ਨੂੰ ਖੁਸ਼ ਕਰਨ ਦੀ ਹੈ ਪਰ ਉਹ ਭੁੱਲ ਜਾਂਦੇ ਹਨ ਕਿ 26 ਹੋਰ ਸੂਬੇ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹਨ। ਉਨ੍ਹਾਂ ਅਰਥਚਾਰੇ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਕੋਲ ਕੱਪੜਿਆਂ ਲਈ ਪੈਸੇ ਨਹੀਂ ਹਨ ਪਰ ਐੱਸਯੂਵੀ ਦੀ ਵਿਕਰੀ ਵਧ ਰਹੀ ਹੈ। ਕਾਰਪੋਰੇਟ ਟੈਕਸ ’ਚ ਕਟੌਤੀ ਨਾਲ 8.7 ਲੱਖ ਕਰੋੜ ਰੁਪਏ ਅਰਬਪਤੀਆਂ ਦੀ ਜੇਬ ’ਚ ਗਏ ਹਨ।’ ਐੱਨਸੀਪੀ (ਐੱਸਪੀ) ਦੀ ਮੈਂਬਰ ਸੁਪ੍ਰਿਯਾ ਸੂਲੇ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ’ਚ ਕਿਹਾ ਸੀ ਕਿ ਇਕ ਸਾਲ ਦੇ ਅੰਦਰ ਜੰਮੂ ਕਸ਼ਮੀਰ ’ਚ ਚੋਣਾਂ ਹੋਣਗੀਆਂ ਅਤੇ ਉਥੋਂ ਦੀ ਵਿਧਾਨ ਸਭਾ ’ਚ ਬਜਟ ਪਾਸ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਜੰਮੂ ਕਸ਼ਮੀਰ ’ਚ ਲੋਕ ਸਭਾ ਚੋਣਾਂ ਹੋ ਸਕਦੀਆਂ ਹਨ ਤਾਂ ਵਿਧਾਨ ਸਭਾ ਚੋਣਾਂ ਕਿਉਂ ਨਹੀਂ ਹੋ ਸਕਦੀਆਂ ਹਨ। ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਨੇ ਦਾਅਵਾ ਕੀਤਾ ਕਿ ਬਜਟ ’ਚ ਸਿਰਫ਼ ਦੋ ਸੂਬਿਆਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਭਾਜਪਾ ਦੀ ਬਾਂਸੁਰੀ ਸਵਰਾਜ ਨੇ ਕਿਹਾ ਕਿ ਟੀਐੱਮਸੀ ਆਗੂ ਨੇ ਤਿੰਨ ਇਤਰਾਜ਼ਯੋਗ ਅਤੇ ਅਸੰਸਦੀ ਸ਼ਬਦ ਬੋਲੇ ਹਨ ਅਤੇ ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਕਰਨਾਟਕ ਦੇ ਸ਼ਿਰੂਰ ਪਿੰਡ ’ਚ ਢਿੱਗਾਂ ਡਿੱਗਣ ਦਾ ਮੁੱਦਾ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ਕਰਨਾਟਕ ਦੇ ਕਿਸੇ ਵੀ ਮੰਤਰੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਨਹੀਂ ਕੀਤਾ ਹੈ। -ਪੀਟੀਆਈ
ਸਾਰੇ ਸੂਬਿਆਂ ਦੀਆਂ ਲੋੜਾਂ ਦਾ ਧਿਆਨ ਰੱਖਿਆ ਗਿਆ: ਭਾਜਪਾ
ਨਵੀਂ ਦਿੱਲੀ:
ਭਾਜਪਾ ਨੇ ਬਜਟ ਬਾਰੇ ਕਾਂਗਰਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਹਰੇਕ ਸੂਬੇ ਅਤੇ ਵਰਗ ਦਾ ਧਿਆਨ ਰੱਖਿਆ ਗਿਆ ਹੈ। ਲੋਕ ਸਭਾ ’ਚ ਬਜਟ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਭਾਜਪਾ ਦੇ ਤ੍ਰਿਪੁਰਾ ਤੋਂ ਮੈਂਬਰ ਬਿਪਲਬ ਦੇਬ ਨੇ ਕਿਹਾ ਕਿ ਐੱਨਡੀਏ ਸਰਕਾਰ 2047 ਤੱਕ ਸੱਤਾ ’ਚ ਰਹੇਗੀ ਅਤੇ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲਿਜਾ ਕੇ ਅਰਥਚਾਰੇ ’ਚ ਦੁਨੀਆ ਦਾ ਨੰਬਰ ਇਕ ਮੁਲਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਿਆਂ ਲਈ ਵਾਧੂ 4.82 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਦੇਬ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਉਹ ਦੋਸ਼ ਲਾ ਰਹੀਆਂ ਹਨ ਕਿ ਸੰਵਿਧਾਨ ਖ਼ਤਰੇ ’ਚ ਹੈ ਪਰ ਕਾਂਰਗਸ ਨੇ ਆਪਣੀਆਂ ਸਰਕਾਰਾਂ ਸਮੇਂ ਧਾਰਾ 356, 70 ਵਾਰ ਲਗਾ ਕੇ ਸੰਵਿਧਾਨ ’ਤੇ ਹਮਲਾ ਕੀਤਾ ਸੀ। -ਪੀਟੀਆਈ