ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਪਰੈਲ
ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਤ੍ਰਿਣਮੂਲ ਕਾਂਗਰਸ ਦੇ ਆਗੂ ਡਾ. ਅਸ਼ੋਕ ਤੰਵਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇੱਥੇ ਅੱਜ ਸਵੇਰੇ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਥੇ ਪਾਰਟੀ ਦਫ਼ਤਰ ਵਿੱਚ ਡਾ. ਤੰਵਰ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਸ੍ਰੀ ਤੰਵਰ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਅਰਵਿੰਦ ਕੇਜਰੀਵਾਲ ਨਾਲ ਨਜ਼ਰ ਆ ਰਹੇ ਹਨ। ਕਿਸੇ ਸਮੇਂ ਰਾਹੁਲ ਗਾਂਧੀ ਦੇ ਕਰੀਬੀ ਹੋਣ ਤੋਂ ਇਲਾਵਾ ਅਸ਼ੋਕ ਤੰਵਰ, ਹਰਿਆਣਾ ਕਾਂਗਰਸ ਦਾ ਨੌਜਵਾਨ ਚਿਹਰਾ ਵੀ ਸਨ। ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਹਰਿਆਣਾ ਕਾਂਗਰਸ ਪ੍ਰਦੇਸ਼ ਦਾ ਪ੍ਰਧਾਨ ਬਣਾਇਆ ਸੀ, ਪਰ ਭੁਪਿੰਦਰ ਹੁੱਡਾ ਨਾਲ ਸਿਆਸੀ ਮਤਭੇਦਾਂ ਤੇ ਪਾਰਟੀ ਹਾਈ ਕਮਾਂਡ ਦੀ ਬੇਰੁਖ਼ੀ ਕਾਰਨ ਉਨ੍ਹਾਂ ਨਵੰਬਰ 2021 ਵਿੱਚ ਕਾਂਗਰਸ ਛੱਡ ਦਿੱਤੀ ਤੇ ਬਾਅਦ ’ਚ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਟੀਐੱਮਸੀ ਵੱਲੋਂ ਪਸੰਦ ਨਾ ਕੀਤੇ ਜਾਣ ’ਤੇ ਹੁਣ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ।