ਸੱਤਪਾਲ ਰਾਮਗੜ੍ਹੀਆ
ਪਿਹੋਵ, 12 ਦਸੰਬਰ
ਦਿੱਲੀ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਦੇ ਸੱਦੇ ’ਤੇ ਅੱਜ ਅੰਬਾਲਾ-ਹਿਸਾਰ ਹਾਈਵੇਅ ’ਤੇ ਪਿੰਡ ਥਾਣਾ ਨੇੜੇ ਟੌਲ ਪਲਾਜ਼ਾ ਉਤੇ ਧਰਨਾ ਦਿੱਤਾ ਗਿਆ ਅਤੇ ਇਸ ਨੂੰ ਟੌਲ ਮੁਕਤ ਕਰ ਦਿੱਤਾ। ਕਿਸਾਨ ਸਾਰਾ ਦਿਨ ਹਾਈਵੇ ਦੇ ਕੰਢੇ ਬੈਠੇ ਰਹੇ। ਇਸ ਸਮੇਂ ਦੌਰਾਨ ਵਿਰੋਧੀ ਪਾਰਟੀਆਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ। ਕਿਸਾਨ ਆਗੂ ਸੁਖਦੇਵ ਵਿਰਕ ਨੇ ਕਿਹਾ ਕਿ ਕਿਸਾਨ ਦਿੱਲੀ ਵਿੱਚ ਠੰਢ ਅਤੇ ਮੀਂਹ ਨਾਲ ਜੂਝ ਰਹੇ ਹਨ, ਪਰ ਸਰਕਾਰ ਆਪਣੀ ਹੈਂਕੜ ਛੱਡਣ ਨੂੰ ਤਿਆਰ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕੇਂਦਰ ਸਰਕਾਰ ਦੇ ਸਾਰੇ ਆਗੂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ। ਟੌਲ ਮੈਨੇਜਰ ਬ੍ਰਿਜਪਾਲ ਨੇ ਦੱਸਿਆ ਕਿ ਟੌਲ ਦਾ ਪ੍ਰਤੀ ਦਿਨ ਟੌਲ ਟੈਕਸ ਲਗਭਗ ਪੰਜ ਲੱਖ ਰੁਪਏ ਹੈ। ਕਿਸਾਨਾਂ ਦੇ ਬੰਦ ਤੋਂ ਪਹਿਲਾਂ ਸਵੇਰ ਤੱਕ ਤਕਰੀਬਨ ਇੱਕ ਲੱਖ ਰੁਪਏ ਇਕੱਠ ਕੀਤਾ ਜਾ ਚੁੱਕਾ ਸੀ।
ਯਮੁਨਾਨਗਰ (ਦੇਵਿੰਦਰ ਸਿੰਘ): ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਗਠਨਾਂ ਵੱਲੋ ਟੌਲ ਪਲਾਜ਼ੇ ਮੁਕਤ ਕਰਨ ਦੇ ਸੱਦੇ ’ਤੇ ਭਾਰਤੀ ਕਿਸਾਨ ਸੰਘ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਅੱਜ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਅੰਬਾਲਾ ਸਹਾਰਨਪੁਰ ਹਾਈਵੇਅ ’ਤੇ ਪ੍ਰਦਰਸ਼ਨ ਕੀਤਾ ਅਤੇ ਦੋਵਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਦਿਆਨਾ ਨੇ ਕਿਹਾ ਕਿ ਭਾਰੀ ਠੰਢ ਅਤੇ ਮੀਂਹ ਦੇ ਬਾਵਜੂਦ ਕਿਸਾਨ ਦਿੱਲੀ ਦੇ ਬਾਰਡਰ ’ਤੇ ਡਟੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੀ ਲੜਾਈ ਜਿੱਤ ਕੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਗ਼ਲਤ ਫਹਿਮੀ ਸੀ ਕਿ ਕਿਸਾਨ ਕੁੱਝ ਦਿਨ ਸੜਕਾਂ ’ਤੇ ਬੈਠ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ, ਪਰ ਉਹ ਰੋਜ਼ਾਨਾ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚ ਰਹੇ ਹਨ ਅਤੇ ਉਹ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ।