ਚੰਡੀਗੜ੍ਹ (ਆਤਿਸ਼ ਗੁਪਤਾ): ‘ਟਰੈਕਟਰ ਪਰੇਡ’ ਵਿੱਚ ਹਿੱਸਾ ਲੈਣ ਲਈ ਹਰਿਆਣਾ ਤੋਂ ਟਰੈਕਟਰਾਂ ਦੇ ਕਾਫ਼ਲੇ ਕੌਮੀ ਝੰਡੇ ਅਤੇ ਕਿਸਾਨੀ ਦੇ ਝੰਡੇ ਹੇਠ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਇਨ੍ਹਾਂ ਟਰੈਕਟਰਾਂ ’ਤੇ ਕੌਮੀ ਤੇ ਕਿਸਾਨੀ ਦੇ ਝੰਡੇ ਲੱਗੇ ਹੋਣ ਕਰ ਕੇ ਹਰਿਆਣਾ ਸੂਬੇ ਨੂੰ ਕਿਸਾਨੀ ਸੰਘਰਸ਼ ਦਾ ਰੰਗ ਚੜ੍ਹਿਆ ਜਾਪਦਾ ਹੈ। ਪੰਜਾਬ ਤੋਂ ਆਉਣ ਵਾਲੇ ਟਰੈਕਟਰਾਂ ਦੇ ਕਾਫ਼ਲੇ ਵੀ ਹਰਿਆਣਾ ’ਚੋਂ ਹੋ ਕੇ ਹੀ ਦਿੱਲੀ ਵੱਲ ਜਾ ਰਹੇ ਹਨ ਜਿਸ ਕਰ ਕੇ ਸੜਕਾਂ ’ਤੇ ਟਰੈਕਟਰਾਂ ਦੀਆਂ ਡਾਰਾਂ ਹੀ ਨਜ਼ਰ ਆਉਂਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਰਵੀ ਆਜ਼ਾਦ ਦੀ ਅਗਵਾਈ ਵਿੱਚ ਭਿਵਾਨੀ ਜ਼ਿਲ੍ਹੇ ਤੋਂ ਹਜ਼ਾਰ ਟਰੈਕਟਰਾਂ ਦਾ ਕਾਫ਼ਲਾ ਦਿੱਲੀ ਵੱਲ ਰਵਾਨਾ ਹੋਇਆ। ਜੀਂਦ ਵਿੱਚ ਪੈਂਦੀ ਕੰਡੇਲਾ ਖਾਪ ਦੇ ਸੀਨੀਅਰ ਆਗੂ ਟੇਕਰਾਮ ਕੰਡੇਲੀ ਦੀ ਅਗਵਾਈ ਹੇਠ ਟਰੈਕਟਰਾਂ ਦਾ ਕਾਫ਼ਲਾ ਦਿੱਲੀ ਵੱਲ ਕੂਚ ਕਰ ਚੁੱਕਿਆ ਹੈ, ਜਦਕਿ ਦਲਾਲ ਖਾਪ ਦੇ ਆਗੂ ਵੀ ਟਰੈਕਟਰਾਂ ਸਮੇਤ ਰਵਾਨਾ ਹੋ ਚੁੱਕੇ ਹਨ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ, ਕੈਥਲ, ਚੀਕਾ, ਜੀਂਦ, ਰੋਹਤਕ, ਟੋਹਾਣਾ, ਉਚਾਣਾ, ਕੁਰੂਕਸ਼ੇਤਰ ਅਤੇ ਪਾਣੀਪਤ ਆਦਿ ਥਾਵਾਂ ਤੋਂ ਵੀ ਕਿਸਾਨ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇਸੇ ਦੌਰਾਨ ਨੌਜਵਾਨ ਭਾਰਤ ਸਭਾ ਨੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ। ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਛਿੰਦਰਪਾਲ ਨੇ ਸਮਾਜ ਦੇ ਹਰ ਵਰਗ ਨੂੰ ਕਿਸਾਨੀ ਸੰਘਰਸ਼ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।