ਮਹਾਂਵੀਰ ਮਿੱਤਲ
ਜੀਂਦ, 16 ਮਈ
ਜ਼ਿਲ੍ਹਾ ਵਪਾਰੀ ਕਲਿਆਣ ਬੋਰਡ ਦੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਮਨੀਸ਼ ਉਰਫ ਬਬਲੂ ਗੋਇਲ ਨੇ ਕਿਹਾ ਕਿ ਵਪਾਰੀ ਕਲਿਆਣ ਬੋਰਡ ਜ਼ਿਲ੍ਹੇ ਦੇ ਵਪਾਰੀਆਂ ਦੇ ਹਿੱਤ ਵਿੱਚ ਕੰਮ ਕਰੇਗਾ। ਕਿਸੇ ਵਪਾਰੀ ਦੀ ਹਾਦਸੇ ਵਿੱਚ ਮੌਤ ਜਾਂ ਉਸਦੀ ਦੁਕਾਨ/ਫੈਕਟਰੀ ਆਦਿ ਵਿੱਚ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਹੋਣ ਦੀ ਸਥਿਤੀ ਵਿੱਚ ਸਬੰਧਿਤ ਵਪਾਰੀ, ਦੁਕਾਨਦਾਰ ਜਾਂ ਫੈਕਟਰੀ ਮਾਲਕ ਵੱਲੋਂ ਮੁਆਵਜ਼ੇ ਦੀ ਅਰਜ਼ੀ ਦੇਣ ਦੇ 10 ਦਿਨਾਂ ਦੇ ਅੰਦਰ-ਅੰਦਰ ਮੁਆਵਜ਼ੇ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਇੱਥੇ ਲੋਕ ਨਿਰਮਾਣ ਰੈਸਟ ਹਾਊਸ ਵਿੱਚ ਬਬਲੂ ਗੋਇਲ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਵਿੱਚ ਲਗਭਗ ਇੱਕ ਲੱਖ ਵਪਾਰੀ ਹਨ। ਵਪਾਰੀ, ਦੁਕਾਨਦਾਰ ਅਤੇ ਫੈਕਟਰੀ ਮਾਲਕ 50 ਰੁਪਏ ਵਿੱਚ ਇੱਕ ਲੱਖ ਦਾ, 100 ਰੁਪਏ ਵਿੱਚ ਦੋ ਲੱਖ ਅਤੇ 250 ਰੁਪਏ ਵਿੱਚ 5 ਲੱਖ ਰੁਪਏ ਤੱਕ ਦਾ ਬੀਮਾ ਕਰਵਾ ਸਕਦੇ ਹਨ। ਬੋਰਡ ਦਾ ਯਤਨ ਰਹੇਗਾ ਕਿ ਜੀਂਦ ਜ਼ਿਲ੍ਹੇ ਦੇ ਤਮਾਮ ਦੁਕਾਨਦਾਰਾਂ, ਵਪਾਰੀਆ ਅਤੇ ਫੈਕਟਰੀ ਮਾਲਿਕਾਂ ਦਾ ਇਸ ਯੋਜਨਾ ਦੇ ਤਹਿਤ ਬੀਮਾ ਕਰਵਾਇਆ ਜਾਵੇ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਵਪਾਰੀਆਂ ਨੂੰ ਹੋਣ ਵਾਲੇ ਨੁਕਸਾਨ ਦੇ ਮੁਆਵਜੇ ਦੇ ਆਵੇਦਨ ਲਈ ਬਹੁਤ ਹੀ ਜਲਦੀ ਪੋਰਟਲ ਲਾਂਚ ਕੀਤਾ ਜਾਵੇਗਾ। ਬੋਰਡ ਦੇ ਮੈਂਬਰ ਅਨਿਲ ਅਗਰਵਾਲ ਨੇ ਕਿਹਾ ਕਿ ਵਪਾਰੀ ਕਲਿਆਣ ਬੋਰਡ ਦਾ ਗਠਨ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਦਿਸ਼ਾ ਵਿੱਚ ਸਰਕਾਰ ਦਾ ਅਹਿਮ ਕਦਮ ਹੈ।