ਸਿਰਸਾ: ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਅੱਜ ਯੁਵਾ ਕਲਿਆਣ ਵਿਭਾਗ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਵਿੱਚ ਦੇਸ਼ ਦੀ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਜਮੇਰ ਸਿੰਘ ਮਲਿਕ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਡਾ. ਸੁਰਿੰਦਰ ਮਲਹੋਤਰਾ ਤੇ ਸੁਰੇਂਦਰ ਭਾਟੀਆ ਨੇ ਸਾਂਝੇ ਤੌਰ ’ਤੇ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਦੇ ਰਜਿਸਟਾਰ ਡਾ. ਰਾਜੇਸ਼ ਕੁਮਾਰ ਬਾਂਸਲ ਨੇ ਸਮਾਗਮ ’ਚ ਆਏ ਲੋਕਾਂ ਦਾ ਸਵਾਗਤ ਕੀਤਾ। ਸਮਾਗਮ ਵਿੱਚ ਹਜ਼ਾਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਸੁਰਿੰਦਰ ਮਲਹੋਤਰਾ ਨੇ ਦੇਸ਼ ਦੀ ਵੰਡ ਵੇਲੇ ਹੋਏ ਕਤਲੇਆਮ ਦਾ ਅੱਖੀਂ ਡਿੱਠਾ ਹਾਲ ਦੱਸਿਆ। ਸੁਰੇਂਦਰ ਭਾਟੀਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਬਹੁਤ ਹੀ ਕੁਰਬਾਨੀਆਂ ਮਗਰੋਂ ਮਿਲੀ ਹੈ। ਇਸ ਦੌਰਾਨ ਦੇਸ਼ ਦੀ ਵੰਡ ਵੇਲੇ ਦੀਆਂ ਦੁਰਲਭ ਫੋਟੋਆਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਮੰਚ ਸੰਚਾਲਨ ਡਾ. ਟਿਮਸੀ ਮਹਿਤਾ ਤੇ ਚਰਨਪ੍ਰੀਤ ਕੌਰ ਨੇ ਕੀਤਾ। -ਨਿੱਜੀ ਪੱਤਰ ਪ੍ਰੇਰਕ