ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਨਸ਼ੀਲਾ ਪਦਾਰਥ ਰਖਣ ਦੇ ਦੇਸ਼ ਹੇਠ ਲਖਵਿੰਦਰ ਸਿੰਘ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 10 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਐਂਟੀਨਾਰਕੋਟਿਕ ਸੈੱਲ ਦੀ ਟੀਮ ਦੇ ਇੰਚਾਰਜ ਮੰਦੀਪ ਸਿੰਘ ਦੀ ਟੀਮ ਉਮਰੀ ਚੌਕ ਪੁਲ ਨੇੜੇ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਖਵਿੰਦਰ ਤੇ ਮਨਪ੍ਰੀਤ ਆਪਣੇ ਟਰੱਕ ਵਿਚ ਪੰਜਾਬ ਤੇ ਹਿਮਾਚਲ ਤੋਂ ਸਾਮਾਨ ਲੱਦ ਕੇ ਕਲਕੱਤਾ ਤੇ ਉੜੀਸਾ ਵੱਲ ਚੱਲਦੇ ਹਨ ਤੇ ਵਾਪਸੀ ਵੇਲੇ ਝਾਰਖੰਡ ਤੇ ਬਿਹਾਰ ਤੋਂ ਚੂਰਾ ਪੋਸਤ ਲਿਆਉਂਦੇ ਹਨ, ਜਿਸ ਦੀ ਸਪਲਾਈ ਪੰਜਾਬ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਸ ਵੇਲੇ ਉਹ ਐੱਨਐੱਚ-44 ਲਿੰਕ ਰੋਡ ਤਾਊ ਦੇਵੀ ਲਾਲ ਪਾਰਕ ਮੋੜ ਦੇ ਕੋਲ ਆਪਣੇ ਟਰੱਕ ਨੂੰ ਸਾਈਡ ’ਤੇ ਲਾ ਕੇ ਆਰਾਮ ਕਰ ਰਹੇ ਹਨ। ਪੁਲੀਸ ਨੇ ਤੁਰੰਤ ਉਥੇ ਪਹੁੰਚ ਕੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ 10 ਕਿਲੋ ਚੂਰਾ ਪੋਸਤ ਬਰਾਮਦ ਹੋਇਆ।