ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 31 ਮਾਰਚ
ਪੰਜ ਸਾਲ ਪਹਿਲਾਂ ਛੇੜਛਾੜ ਅਤੇ ਜਬਰ-ਜਨਾਹ ਵਰਗੇ ਸੰਗੀਨ ਦੋਸ਼ ਲਾ ਕੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੀ ਮਹਿਲਾ ਪੈਸਿਆਂ ਦੇ ਚੱਕਰ ਵਿੱਚ ਖ਼ੁਦ ਹੀ ਫਸ ਗਈ। ਪ੍ਰਭਾਵਿਤ ਨੌਜਵਾਨਾਂ ਨੇ ਮਹਿਲਾ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਅੰਬਾਲਾ ਦੇ ਐੱਸਐੱਸਪੀ ਨਾਲ ਸੰਪਰਕ ਕੀਤਾ ਜਿਨ੍ਹਾਂ ਵੱਲੋਂ ਗਠਿਤ ਵਿਸ਼ੇਸ਼ ਟੀਮ ਨੇ ਮਹਿਲਾ ਅਤੇ ਉਸ ਦੇ ਸਹਿਯੋਗੀ ਨੂੰ ਇੱਕ ਲੱਖ ਰੁਪਏ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਨ ’ਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਗੁਰਜਿੰਦਰ ਸਿੰਘ ਨਿਵਾਸੀ ਅੰਟਾਲਾ, ਡੇਰਾਬੱਸੀ, ਜ਼ਿਲ੍ਹਾ ਮੁਹਾਲੀ (ਪੰਜਾਬ) ਨੇ ਐੱਸਪੀ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਮੁਲਜ਼ਮ ਅਰੁਨੇਸ਼ ਕੁਮਾਰ ਨਿਵਾਸੀ ਦੁਰਗਾ ਨਗਰ ਅਤੇ ਮਹਿਲਾ ਨੇ 3 ਸਤੰਬਰ 2016 ਨੂੰ ਮਹਿਲਾ ਪੁਲੀਸ ਥਾਣੇ ਵਿੱਚ ਝੂਠੀ ਸ਼ਿਕਾਇਤ ਦੇ ਕੇ ਉਸ ਦੇ ਲੜਕੇ ਲੱਕੀ, ਹਰਵਿੰਦਰ ਅਤੇ ਦੂਜੇ ਲੜਕਿਆਂ ਰਾਘਵ, ਸੰਦੀਪ, ਨਰੇਸ਼, ਵਿਮਲ ਤੇ ਸਾਹਿਲ ਖ਼ਿਲਾਫ਼ ਧਾਰਾ 294/328/506/120ਬੀ ਅਤੇ 3/4/7/8 ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਕੱਦਮੇ ਦੌਰਾਨ ਮਹਿਲਾ ਆਪਣੇ ਬਿਆਨ ਬਦਲਣ ਲਈ ਮੁਲਜ਼ਮਾਂ ਕੋਲੋਂ 12 ਲੱਖ ਰੁਪਏ ਲੈ ਚੁੱਕੀ ਸੀ। ਮੁਲਜ਼ਮਾਂ ਨੇ ਰਕਮ ਇਕੱਠੀ ਕਰ ਕੇ ਮਹਿਲਾ ਦੇ ਪਿਤਾ ਅਸ਼ੋਕ ਨੂੰ ਦੇ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ ਅਦਾਲਤ ਵਿੱਚ ਕਿਹਾ ਸੀ ਕਿ ਮੁਲਜ਼ਮਾਂ ਨੇ ਉਸ ਨਾਲ ਕੋਈ ਗਲਤ ਕੰਮ ਨਹੀਂ ਸੀ ਕੀਤਾ।